BRICS Summit: ਬ੍ਰਿਕਸ ਸੰਮੇਲਨ ਦੌਰਾਨ PM Modi ਨੇ ਦੁਨੀਆ ਦੇ 15 ਆਗੂਆਂ ਨਾਲ ਕੀਤੀਆਂ ਬੈਠਕਾਂ
ਭਾਰਤ ਵੱਲੋਂ ਮੇਜ਼ਬਾਨੀ ਕੀਤੇ ਗਏ ਇਸ ਸੰਮੇਲਨ ਵਿੱਚ 11 ਮੈਂਬਰ ਦੇਸ਼ਾਂ, 10 ਭਾਈਵਾਲ ਦੇਸ਼ਾਂ ਅਤੇ ਕੌਮਾਂਤਰੀ ਸੰਸਥਾਵਾਂ ਦੇ ਆਗੂਆਂ ਨੇ ਲਿਆ ਹਿੱਸਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਤਿੰਨ ਦਿਨਾਂ ਵਿੱਚ ਬ੍ਰਿਕਸ ਸੰਮੇਲਨ ਦੌਰਾਨ ਵੱਖ-ਵੱਖ ਦੇਸ਼ਾਂ ਅਤੇ ਸਰਕਾਰਾਂ ਦੇ ਮੁਖੀਆਂ ਨਾਲ 15 ਰਸਮੀ ਦੁਵੱਲੀਆਂ ਬੈਠਕਾਂ ਕੀਤੀਆਂ।
ਸਰਕਾਰੀ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਇਨ੍ਹਾਂ ਦੁਵੱਲੇ ਵਿਚਾਰ-ਵਟਾਂਦਰੇ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਵਿਸ਼ਵ ਦੇ ਕਈ ਨੇਤਾਵਾਂ ਅਤੇ ਕੌਮਾਂਤਰੀ ਸੰਸਥਾਵਾਂ ਦੇ ਆਗੂਆਂ ਨਾਲ ਸੰਖੇਪ ਮੁਲਾਕਾਤਾਂ ਵੀ ਕੀਤੀਆਂ।
ਜਿਨ੍ਹਾਂ ਨੇਤਾਵਾਂ ਨਾਲ ਪੀ ਐੱਮ ਮੋਦੀ ਨੇ ਦੁਵੱਲੀਆਂ ਬੈਠਕਾਂ ਕੀਤੀਆਂ, ਉਨ੍ਹਾਂ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਸ਼ਾਮਲ ਸਨ।
ਇਨ੍ਹਾਂ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਵੀਅਤਨਾਮ ਦੇ ਆਪਣੇ ਹਮਰੁਤਬਾ ਲੇ ਮਿਨ੍ਹ ਹੁੰਗ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ, ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ, ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਆਰ ਮਾਰਕੋਸ ਜੂਨੀਅਰ ਅਤੇ ਯੂਗਾਂਡਾ ਦੀ ਉਪ ਰਾਸ਼ਟਰਪਤੀ ਜੈਸਿਕਾ ਅਲੂਪੋ ਨਾਲ ਵੀ ਦੁਵੱਲੀਆਂ ਬੈਠਕਾਂ ਕੀਤੀਆਂ।
ਭਾਰਤ ਨੇ 12-13 ਸਤੰਬਰ ਨੂੰ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕੀਤੀ ਅਤੇ ਇਸ ਵਿੱਚ ਗਠਜੋੜ ਦੇ 11 ਮੈਂਬਰ ਦੇਸ਼ਾਂ, 10 ਭਾਈਵਾਲ ਦੇਸ਼ਾਂ ਦੇ ਨੇਤਾਵਾਂ ਤੋਂ ਇਲਾਵਾ ਕੁਝ ਕੌਮਾਂਤਰੀ ਸੰਸਥਾਵਾਂ ਨੇ ਹਿੱਸਾ ਲਿਆ।

