ਬਰਿਕਸ ਵਪਾਰ ਪਰਿਸ਼ਦ ਦੇ ਮੈਂਬਰ, ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਭਾਰਤ ਅਤੇ ਦੱਖਣੀ ਅਫਰੀਕਾ ਤਰਜੀਹੀ ਮੁਕਤ ਵਪਾਰ ਸਮਝੌਤੇ (ਐੱਫ ਟੀ ਏ) ਲਈ ਰਾਹ ਪੱਧਰਾ ਕਰਨਗੇ, ਜਿਸ ਵਿੱਚ ਗੱਲਬਾਤ ਲਈ ਸੰਦਰਭ ਦੀਆਂ ਸ਼ਰਤਾਂ ’ਤੇ ਪਹਿਲਾਂ ਹੀ ਦਸਤਖ਼ਤ ਕੀਤੇ ਜਾ ਚੁੱਕੇ ਹਨ ਅਤੇ ਇਸ ਨਾਲ ਮੌਜੂਦਾ 18.01 ਬਿਲੀਅਨ ਡਾਲਰ ਦੇ ਦੁਵੱਲੇ ਵਪਾਰ ’ਚ ਅਹਿਮ ਵਿਸਥਾਰ ਲਈ ਦਰਵਾਜ਼ਾ ਖੁੱਲ੍ਹੇਗਾ।
ਭਾਰਤ-ਦੱਖਣੀ ਅਫਰੀਕਾ ਵਪਾਰ ਫੋਰਮ ਵਿੱਚ ਬੋਲਦਿਆਂ ਸ੍ਰੀ ਸਾਹਨੀ ਨੇ ਕਿਹਾ ਕਿ ਪ੍ਰਸਤਾਵਿਤ ਸਮਝੌਤਾ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਨਿਵੇਸ਼ ਨੂੰ ਵੱਡਾ ਹੁਲਾਰਾ ਦੇਵੇਗਾ, ਜਿਸ ਨਾਲ ਖਣਿਜਾਂ, ਨਿਰਮਾਣ, ਖੇਤੀਬਾੜੀ, ਖੁਰਾਕ ਸੁਰੱਖਿਆ, ਖਾਦਾਂ, ਸੇਵਾਵਾਂ ਅਤੇ ਹੁਨਰਮੰਦ ਮਨੁੱਖੀ ਸ਼ਕਤੀ ਵਿੱਚ ਵਧੇਰੇ ਬਾਜ਼ਾਰ ਪਹੁੰਚ ਪੈਦਾ ਹੋਵੇਗੀ ਅਤੇ ਨਵੇਂ ਮੌਕੇ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਆਰਥਿਕ ਭਾਈਵਾਲੀ ਨੂੰ ਅਗਲੇ ਪੱਧਰ ’ਤੇ ਲਿਜਾਣ ਲਈ ਪਰਿਵਰਤਨਸ਼ੀਲ ਕਦਮ ਬਣ ਸਕਦਾ ਹੈ।
ਭਾਰਤ ਵਿੱਚ ਦੱਖਣੀ ਅਫ਼ਰੀਕਾ ਦੇ ਹਾਈ ਕਮਿਸ਼ਨਰ ਪ੍ਰੋ. ਅਨਿਲ ਸੂਕਲਾਲ ਨੇ ਇਸ ਸਬੰੰਧੀ ਕਿਹਾ ਕਿ ਭਾਰਤ ਦਾ ਅਫ਼ਰੀਕਾ ਨਾਲ ਸਬੰਧ ਕਈ ਖੇਤਰਾਂ ਵਿੱਚ ਵਧਿਆ ਹੈ ਅਤੇ ਇਹ ਵਪਾਰ, ਨਿਵੇਸ਼, ਤਕਨਾਲੋਜੀ, ਹੁਨਰ ਅਤੇ ਵਿਕਾਸ ਸਹਿਯੋਗ ਨੂੰ ਸ਼ਾਮਲ ਕਰਦਿਆਂ ਵਿਆਪਕ ਭਾਈਵਾਲੀ ’ਚ ਵਿਕਸਤ ਹੋਇਆ ਹੈ। ਸ੍ਰੀ ਸਾਹਨੀ ਨੇ ਕਿਹਾ ਕਿ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਸਬੰਧ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਦੀ ਸਾਂਝੀ ਵਿਰਾਸਤ ਵਿੱਚ ਜੁੜੇ ਹੋਏ ਹਨ ਅਤੇ ਇਸ ਇਤਿਹਾਸਕ ਰਿਸ਼ਤੇ ਨੂੰ ਹੁਣ ਹੋਰ ਵੀ ਮਜ਼ਬੂਤ ਆਰਥਿਕ ਭਾਈਵਾਲੀ ਵਿੱਚ ਬਦਲਿਆ ਜਾਣਾ ਚਾਹੀਦਾ ਹੈ।

