ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਦਸੰਬਰ
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਦੇ ਖ਼ਿਲਾਫ਼ ਦਿੱਲੀ ਦੀਆਂ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨ ਚੱਲ ਰਹੇ ਹਨ ਤੇ ਅਸੀਂ ਇਹ ਪ੍ਰਦਰਸ਼ਨ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਅਰਵਿੰਦ ਕੇਜਰੀਵਾਲ ਆਪਣੀ ਲੋਕ ਵਿਰੋਧੀ ਆਬਕਾਰੀ ਨੀਤੀ ਨੂੰ ਵਾਪਸ ਨਹੀਂ ਲੈ ਲੈਂਦੇ।
ਅੱਜ ਨਰੈਣਾ ‘ਏ’ ਬਲਾਕ ਵਿੱਚ ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਦੇ ਵਿਰੋਧ ’ਚ ਪਿਛਲੇ 9 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਸਮਾਜ ਸੇਵੀ ਮਨੋਜ ਰਾਜਪੂਤ ਦਾ ਮਰਨ ਵਰਤ ਤੁੜਵਾਈ ਉਪਰੰਤ ਆਦੇਸ਼ ਗੁਪਤਾ ਨੇ ਕਿਹਾ, ‘‘ਦਿੱਲੀ ਵਿੱਚ ਇੱਕ ਵੀ ਨਵਾਂ ਠੇਕਾ ਨਹੀਂ ਖੋਲ੍ਹਣ ਦੇਵਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਵਰਕਰ ਇਸ ਨਵੀਂ ਆਬਕਾਰੀ ਨੀਤੀ ਦਾ ਵਿਰੋਧ ਕਰੇਗਾ ਤੇ 25 ਮੈਂਬਰੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦਿੱਲੀ ਵਿੱਚ ਲੋਕ ਵਿਰੋਧੀ ਕੇਜਰੀਵਾਲ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਨੂੰ ਰੋਕਣ ਦਾ ਕੰਮ ਕਰੇਗੀ।