ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਮਈ
ਦਿੱਲੀ ਸਰਕਾਰ ਵੱਲੋਂ ਕੌਮੀ ਰਾਜਧਾਨੀ ਵਿੱਚ ਕਰੋਨਾਵਾਇਰਸ ਦੇ ਹੋਰ ਫੈਲਣ ਦੇ ਡਰੋਂ ਸ਼ਹਿਰ ਦੀਆਂ ਹੱਦਾਂ ਸਿਰਫ਼ ਲਾਜ਼ਮੀ ਸੇਵਾਵਾਂ ਵਾਲਿਆਂ ਲਈ ਹੀ ਖੋਲ੍ਹਣ ਦੇ ਫ਼ੈਸਲੇ ਮਗਰੋਂ ਵਪਾਰੀ, ਨੌਕਰੀਪੇਸ਼ਾ ਵਿਅਕਤੀਆਂ ਅਤੇ ਛੋਟੇ-ਛੋਟੇ ਕਾਰੋਬਾਰਾਂ ਨਾਲ ਜੁੜੇ ਲੋਕਾਂ ਦੀ ਪ੍ਰੇਸ਼ਾਨੀ ਵਧ ਗਈ ਹੈ। ਦਿੱਲੀ ਦੀਆਂ ਹੱਦਾਂ ਸੀਲ ਹੋਣ ਕਾਰਨ ਕੌਮ ਰਾਜਧਾਨੀ ਵਿੱਚ ਕੰਮ ਕਰਨ ਵਾਲੇ ਅਤੇ ਹਰਿਆਣਾ (ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਝੱਜਰ ਤੇ ਰੋਹਤਕ) ਤੇ ਉਤਰ ਪ੍ਰਦੇਸ਼ (ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ) ਇਲਾਕਿਆਂ ਵਿੱਚ ਰਹਿਣ ਵਾਲੇ ਕਾਰੋਬਾਰੀਆਂ, ਨੌਕਰੀਪੇਸ਼ਾ ਲੋਕਾਂ ਅਤੇ ਵਪਾਰੀਆਂ ਦੀ ਪ੍ਰੇਸ਼ਾਨੀ ਵਧ ਗਈ ਹੈ। ਇੱਥੋਂ ਤੱਕ ਕਿ ਅਲੀਗੜ੍ਹ, ਪਲਵਲ, ਮਥੁਰਾ ਦੇ ਬਹੁਤ ਸਾਰੇ ਲੋਕ ਦਿੱਲੀ ਦੇ ਥੋਕ ਬਾਜ਼ਾਰਾਂ ਤੇ ਸਨਅਤੀ ਇਲਾਕਿਆਂ ਨਾਲ ਜੁੜੇ ਹੋਏ ਹਨ। ਦਿੱਲੀ ਦੇ ਖਾਰੀ ਬਾਬਲੀ, ਚਾਂਦਨੀ ਚੌਕ, ਪਹਾੜਗੰਜ, ਕ੍ਰਿਸ਼ਨਾ ਬਾਜ਼ਾਰ, ਸਦਰ ਬਾਜ਼ਾਰ, ਬਾਰਾਂ ਟੂਟੀ ਅਤੇ ਕਰੋਲ ਬਾਗ਼ ਤੋਂ ਕੱਪੜਾ, ਰਾਸ਼ਨ ਦਾ ਸਾਮਾਨ ਤੇ ਹੋਰ ਲੋੜੀਂਦੀਆਂ ਵਸਤਾਂ ਖ਼ਰਦੀਣ ਲਈ ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਲੋਕ ਰੋਜ਼ਾਨਾ ਆਉਂਦੇ ਸਨ। ਲੌਕਡਾਊਨ ਮਗਰੋਂ ਉਪਰੋਕਤ ਸਾਰੇ ਬਾਜ਼ਾਰ ਬੰਦ ਹੋ ਗਏ ਹਨ ਤੇ ਹਰਿਆਣਾ ਵਿੱਚ ਵੀ ਲੌਕਡਾਊਨ ਦੌਰਾਨ ਵਪਾਰਕ ਸਰਗਰਮੀਆਂ ਠੱਪ ਹੋ ਗਈਆਂ। ਹੁਣ ਜਦੋਂ ਕੇਂਦਰ ਸਰਕਾਰ ਨੇ ਲੌਕਡਾਊਨ ਵਿੱਚ ਖਾਸੀ ਢਿੱਲ ਦਿੱਤੀ ਹੈ ਤਾਂ ਹਰਿਆਣਾ/ਉੱਤਰ ਪ੍ਰਦੇਸ਼ ਦੇ ਬਾਜ਼ਾਰ ਸ਼ਰਤਾਂ ਨਾਲ ਖੁੱਲ੍ਹ ਗਏ ਪਰ ਦਿੱਲੀ ਦੇ ਥੋਕ ਬਾਜ਼ਾਰਾਂ ਵਿੱਚ ਉਹ ਹੁਣ ਜਾ ਨਹੀਂ ਸਕਦੇ।
ਇਸੇ ਤਰ੍ਹਾਂ ਰੋਜ਼ਾਨਾ ਲੱਖਾਂ ਲੋਕ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਤੋਂ ਨੌਕਰੀਆਂ ਕਰਨ ਰਾਜਧਾਨੀ ਆਉਂਦੇ ਹਨ ਜੋ ਲੌਕਡਾਊਨ ਦੌਰਾਨ ਆਉਣੋਂ ਬੰਦ ਹੋ ਗਏ ਸਨ। ਦਿੱਲੀ ਵਿੱਚ ਅਦਾਰੇ/ਸੰਸਥਾਵਾਂ/ਕੰਪਨੀਆਂ ਖੁੱਲ੍ਹ ਗਈਆਂ ਹਨ, ਪਰ ਐੱਨਸੀਆਰ ਵਿੱਚ ਰਹਿੰਦੇ ਲੋਕ ਆਪਣੀਆਂ ਨੌਕਰੀਆਂ ਕਰਨ ਦਿੱਲੀ ਨਹੀਂ ਆ ਸਕਦੇੇ। ਉਨ੍ਹਾਂ ਨੂੰ ਆਪਣੀਆਂ ਨੌਕਰੀਆਂ ਖੁੱਸਣ ਦਾ ਡਰ ਪੈਦਾ ਹੋ ਗਿਆ ਹੈ।
ਦਿੱਲੀ ਦੀਆਂ ਹੱਦਾਂ ’ਤੇ ਵਾਹਨਾਂ ਦੀ ਭੀੜ ਵਧੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੀਆਂ ਹੱਦਾਂ ਹਫ਼ਤੇ ਲਈ ਬੰਦ ਕਰਨ ਦੇ ਦਿੱਲੀ ਸਰਕਾਰ ਦੇ ਫ਼ੈਸਲੇ ਮਗਰੋਂ ਅੱਜ ਫਰੀਦਾਬਾਦ, ਗੁਰੂਗ੍ਰਾਮ, ਨੋਇਡਾ ਤੇ ਗਾਜ਼ੀਆਬਾਦ ਦੀਆਂ ਹੱਦਾਂ ਉਪਰ ਦਿੱਲੀ ਆਉਣ ਵਾਲਿਆਂ ਦੀ ਭੀੜ ਲੱਗੀ ਰਹੀ। ਪੁਲੀਸ ਵੱਲੋਂ ਦਸਤਾਵੇਜ਼ਾਂ ਦੀ ਜਾਂਚ ਕਰਕੇ ਲੋਕਾਂ ਨੂੰ ਦਿੱਲੀ ਵਿੱਚ ਵੜਨ ਦਿੱਤਾ ਜਾਣ ਕਰਕੇ ਗੱਡੀਆਂ ਦੀ ਕਤਾਰ ਕੌਮੀ ਸ਼ਾਹ ਰਾਹ-2 ਉਪਰ ਬਦਰਪੁਰ ਵਿੱਚ ਵੇਖੀ ਗਈ। ਪੁਲੀਸ ਨਾਲ ਲੋਕ ਬਹਿਸਦੇ ਰਹੇ ਅਤੇ ਕਈਆਂ ਨੂੰ ਪ੍ਰੇਸ਼ਾਨ ਹੋ ਕੇ ਵਾਪਸ ਪਰਤਣਾ ਪਿਆ।