
ਦਿੱਲੀ ਵਿੱਚ ਪੁਸਤਕ ਪ੍ਰਦਰਸ਼ਨੀ ਦੌਰਾਨ ਸਟਾਲ ਦੇਖਦੇ ਹੋਏ ਜੀ.ਕੇ. ਅਰੋੜਾ ਤੇ ਦਲਵਿੰਦਰ ਸਿੰਘ।
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜਨਵਰੀ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੇ ਪ੍ਰਬੰਧਕਾਂ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਸੀਨੀਅਰ ਵਾਈਸ ਚੇਅਰਮੈਨ ਦਲਵਿੰਦਰ ਸਿੰਘ ਅਤੇ ਮੈਨੇਜਰ ਕਮ ਪ੍ਰਿੰਸੀਪਲ ਸਤਿਬੀਰ ਸਿੰਘ ਵੱਲੋਂ ਸਕੂਲ ਵਿੱਚ ‘ਪੁਸਤਕ ਹਫ਼ਤੇ’ ਆਰੰਭਤਾ ਮੌਕੇ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਭੀਮ ਰਾਓ ਅੰਬੇਡਕਰ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਜੀ.ਕੇ. ਅਰੋੜਾ ਨੇ ਹਾਜ਼ਰੀ ਭਰੀ ਤੇ ਉਨ੍ਹਾਂ ਪੁਸਤਕ ਹਫ਼ਤੇ ਦਾ ਉਦਘਾਟਨ ਕੀਤਾ। ਉਪਰੰਤ ਸਕੂਲ ਦੀ ਰਵਾਇਤ ਅਨੁਸਾਰ ਪ੍ਰੋਗਰਾਮ ਦੀ ਆਰੰਭਤਾ ਗੁਰਬਾਣੀ ਦੇ ਸ਼ਬਦ ਰਾਹੀਂ ਕੀਤੀ ਗਈ ਤੇ ਦਲਵਿੰਦਰ ਸਿੰਘ ਪ੍ਰਿੰਸੀਪਲ ਸਤਿਬੀਰ ਸਿੰਘ ਵਲੋਂ ਮੁੱਖ ਮਹਿਮਾਨ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਤੋਹਫ਼ਾ ਦੇ ਕੇ ਸਨਮਾਨਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਨੇ ਇਸ ਸਕੂਲ ਦੀ ਇਹ ਲਾਇਬਰੇਰੀ ਸਮੂਹ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਲਾਇਬਰੇਰੀਆਂ ਵਿੱਚੋਂ ਸਭ ਤੋਂ ਵੱਡੀ ਲਾਇਬਰੇਰੀ ਹੈ। ਇਸ ਲਾਇਬਰੇਰੀ ਵਿੱਚ 60,000 ਦੇ ਕਰੀਬ ਪੁਸਤਕਾਂ ਮੌਜੂਦ ਹਨ। ਡਾ. ਜੀ. ਕੇ. ਅਰੋੜਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੁਸਤਕ ਨੂੰ ਤਿੰਨ ਹਿੱਸਿਆਂ ਵਿੱਚ ਵੰਡਕੇ ਪੜ੍ਹਨਾ ਚਾਹੀਦਾ ਹੈ। ਖਾਸਤੌਰ ’ਤੇ ਪੁਸਤਕ ਦਾ ਮੁੱਖ-ਬੰਦ, ਸੰਖੇਪ ਅਤੇ ਬਿਬਲੋਗਰਾਫੀ ਨੂੰ। ਡਾ. ਅਰੋੜਾ ਨੇ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਭਾਵੇਂ ਅੱਜ ਦਾ ਸਮਾਂ ‘ਡਿਜੀਟਲ’ ਹੈ। ਪਰ ਪੁਸਤਕਾਂ ਦੀ ਮਹੱਤਤਾ ਉਸੇ ਤਰ੍ਹਾਂ ਨਾਲ ਬਰਕਰਾਰ ਹੈ। ਦਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਜਿਹੜੇ ਵਿਦਿਆਰਥੀ ਵੱਧ ਤੋਂ ਵੱਧ ਗਿਣਤੀ ਵਿੱਚ ਲਾਇਬਰੇਰੀ ਦੀ ਪੁਸਤਕਾਂ ਪੜ੍ਹਨ ਲਈ ਅੱਗੇ ਆਉਣਗੇ ਉਨ੍ਹਾਂ ਦੀ ਫੋਟੋ ਲਾਇਬਰੇਰੀ ਵਿੱਚ ਲਾਈ ਜਾਵੇਗੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ