ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਗਸਤ
ਦਿੱਲੀ ਭਾਜਪਾ ਦੇ ਮਹਿਲਾ ਮੋਰਚੇ ਦੀਆਂ ਆਗੂਆਂ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨਾਲ ਮਿਲ ਕੇ ਆਮ ਆਦਮੀ ਪਾਰਟੀ ’ਤੇ ਹੱਲਾ ਬੋਲਿਆ ਤੇ ਦੋਸ਼ ਲਾਇਆ ਕਿ ਲੋਕਾਂ ਨਾਲ ਔਰਤਾਂ ਦੀ ਸੁਰੱਖਿਆ ਦੇ ਵੱਡੇ ਵਾਅਦੇ ਕਰ ਕੇ ਸੱਤਾ ਵਿੱਚ ਆਉਣ ਵਾਲੀ ‘ਆਪ’ ਦੀ ਮਾਨਸਿਕਤਾ ਔਰਤ ਵਿਰੋਧੀ ਹੈ ਤੇ ਇਸ ਦੇ ਕਈ ਆਗੂ ਮਹਿਲਾਵਾਂ ਖ਼ਿਲਾਫ਼ ਅਪਰਾਧਾਂ ਵਿੱਚ ਸ਼ਾਮਲ ਹਨ। ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਭਾਜਪਾ ਮਹਿਲਾ ਮੋਰਚੇ ਦੀ ਪ੍ਰਧਾਨ ਪੂਨਮ ਪ੍ਰਾਸ਼ਰ, ਉਪ ਪ੍ਰਧਾਨ ਯੋਗਿਤਾ ਸਿੰਘ, ਬੁਲਾਰਾ ਟੀਨਾ ਸ਼ਰਮਾ, ਪੂਜਾ ਸੂਰੀ ਤੇ ਰਿਚਾ ਪਾਂਡੇ ਅਤੇ ਆਦੇਸ਼ ਗੁਪਤਾ ਨੇ ‘ਆਪ’ ਦੇ ਆਗੂਆਂ ਦੀਆਂ ਤਸਵੀਰਾਂ ਲਹਿਰਾਈਆਂ ਤੇ ਔਰਤਾਂ ਬਾਰੇ ਆਏ ਮਾਮਲਿਆਂ ਦਾ ਜ਼ਿਕਰ ਕੀਤਾ।
ਭਾਜਪਾ ਆਗੂਆਂ ਨੇ ਕਿਹਾ ਕਿ ‘ਆਪ’ ਦੇ ਚੋਣ ਮਨੋਰਥ ਪੱਤਰ ਵਿੱਚ ਮਹਿਲਾ ਸੁਰੱਖਿਆ ਤੇ ਉਨ੍ਹਾਂ ਖ਼ਿਲਾਫ਼ ਹੁੰਦੇ ਅਪਰਾਧਾਂ ਨੂੰ ਰੋਕਣ ਲਈ ਕਾਰਗਰ ਕਦਮ ਪੁੱਟਣ ਵਰਗੇ ਨਾਅਰੇ ਲਾ ਕੇ ਇਸ ਪਾਰਟੀ ਨੇ ਸੱਤਾ ਸੁੱਖ ਪਾਇਆ। ਮਹਿਲਾ ਆਗੂਆਂ ਨੇ ਕਿਹਾ ਕਿ ਜਦੋਂ ‘ਆਪ’ ਦੇ ਆਗੂਆਂ ਉਪਰ ਉਂਗਲੀ ਉੱਠਦੀ ਹੈ ਤਾਂ ਸੀਨੀਅਰ ਆਗੂ ਹੈਰਾਨੀ ਭਰੀ ਚੁੱਪ ਧਾਰ ਲੈਂਦੇ ਹਨ ਜਦੋਂ ਕਿ ਹੋਰ ਥਾਂ ਅਜਿਹੀ ਘਟਨਾ ਵਾਪਰੇ ਤਾਂ ਹੱਲਾ ਕਰਦੇ ਹਨ।