ਵੋਟ ਬੈਂਕ ਦੀ ਸਿਆਸਤ ਛੱਡ ਕੇ ਸਮਾਜ ਸੁਧਾਰ ’ਤੇ ਧਿਆਨ ਦੇਣ ਭਾਜਪਾ ਵਰਕਰ: PM Modi
ਮਹਾਤਮਾ ਗਾਂਧੀ ਦੇ ਨਕਸ਼ੇ-ਕਦਮ ’ਤੇ ਚੱਲ ਕੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਲੜਨ ਦਾ ਦਿੱਤਾ ਸੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਵੋਟ ਬੈਂਕ ਦੀ ਸਿਆਸਤ ਦੀ ਬਜਾਏ ਸਮਾਜਿਕ ਸੁਧਾਰਾਂ ਅਤੇ ਹਾਂਪੱਖੀ ਬਦਲਾਅ ’ਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ ਹੈ। ਵਾਰਾਣਸੀ ਤੋਂ ਵਡਨਗਰ ਤੱਕ ਚੱਲ ਰਹੀ ਮੋਟਰਸਾਈਕਲ ਰੈਲੀ ‘ਸੇਵਾ ਯਾਤਰਾ’ ਦੇ ਭਾਗੀਦਾਰਾਂ ਨਾਲ ਵਰਚੁਅਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਦੇਸ਼ ਵਿੱਚ ਸ਼ਹਿਰਾਂ ਅਤੇ ਪਿੰਡਾਂ ਵਿਚਾਲੇ ਪਾੜਾ ਕਾਫ਼ੀ ਘਟਿਆ ਹੈ। ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਵਿੱਚ ਵੱਡਾ ਸੁਧਾਰ ਆਇਆ ਹੈ ਅਤੇ ਔਰਤਾਂ ਦੀ ਆਤਮ-ਨਿਰਭਰਤਾ ਵੀ ਵਧੀ ਹੈ।
ਮਹਾਤਮਾ ਗਾਂਧੀ ਦੇ ਜੀਵਨ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਜ਼ਾਦੀ ਸੰਗਰਾਮ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਖ਼ਿਲਾਫ਼ ਵੀ ਡਟ ਕੇ ਕੰਮ ਕੀਤਾ। ਇਸੇ ਤਰ੍ਹਾਂ ਸਿਆਸੀ ਵਰਕਰਾਂ ਨੂੰ ਵੀ ਸਮਾਜ ਸੁਧਾਰ ਲਈ ਨਿਰੰਤਰ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਪ੍ਰਯਾਗਰਾਜ ਵਿੱਚ ਕੁੰਭ ਮੇਲੇ ਦੌਰਾਨ ਸਫ਼ਾਈ ਵਿਵਸਥਾ ਸੰਭਾਲਣ ਵਾਲੇ ਸਫ਼ਾਈ ਸੇਵਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਹੀ ਉਹ ਇਨ੍ਹਾਂ ਸੇਵਕਾਂ ਦੇ ਚਰਨ ਧੋਣ ਲਈ ਪ੍ਰੇਰਿਤ ਹੋਏ ਸਨ।
ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਜਿਹੀਆਂ ਯਾਤਰਾਵਾਂ ਨੇ ਉਨ੍ਹਾਂ ਦੇ ਨਿੱਜੀ ਜੀਵਨ ਨੂੰ ਘੜਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਇਨ੍ਹਾਂ ਤੋਂ ਮਿਲੇ ਅਨੁਭਵ ਅੱਜ ਵੀ ਉਨ੍ਹਾਂ ਲਈ ਗੁਰੂ ਵਾਂਗ ਮਾਰਗਦਰਸ਼ਨ ਕਰਦੇ ਹਨ।
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ 25 ਸਾਲਾਂ ਦੀਆਂ ਜਨਤਕ ਸੇਵਾਵਾਂ ਨੂੰ ਸਮਰਪਿਤ ਇਹ ਦੋਵੇਂ ਮੋਟਰਸਾਈਕਲ ਰੈਲੀਆਂ—ਵਡਨਗਰ ਤੋਂ ਵਾਰਾਣਸੀ ਅਤੇ ਵਾਰਾਣਸੀ ਤੋਂ ਵਡਨਗਰ—ਉਨ੍ਹਾਂ ਦੇ 76ਵੇਂ ਜਨਮ ਦਿਨ ’ਤੇ 17 ਸਤੰਬਰ ਨੂੰ ਸ਼ੁਰੂ ਹੋਈਆਂ ਸਨ, ਜੋ 7 ਅਕਤੂਬਰ ਨੂੰ ਸਮਾਪਤ ਹੋਣਗੀਆਂ। ਵਡਨਗਰ ਉਨ੍ਹਾਂ ਦਾ ਜਨਮ ਸਥਾਨ ਹੈ, ਜਦਕਿ ਵਾਰਾਣਸੀ ਉਨ੍ਹਾਂ ਦਾ ਲੋਕ ਸਭਾ ਹਲਕਾ ਹੈ।
ਸੰਘ ਪਰਿਵਾਰ ਦੇ ਵਿਚਾਰਕ ਦੀਨਦਿਆਲ ਉਪਾਧਿਆਏ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਸੱਤ ਸਿਧਾਂਤਾਂ—ਸੇਵਾ ਭਾਵਨਾ, ਸੰਤੁਲਨ, ਆਤਮ-ਸੰਜਮ, ਤਾਲਮੇਲ, ਹਾਂਪੱਖੀ ਸੋਚ, ਸੰਵੇਦਨਸ਼ੀਲਤਾ ਅਤੇ ਸੰਵਾਦ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਧਾਂਤਾਂ ’ਤੇ ਚੱਲ ਕੇ ਹੀ ਵਿਕਸਤ ਭਾਰਤ ਦਾ ਨਿਰਮਾਣ ਕੀਤਾ ਜਾਵੇਗਾ।
ਵਡਨਗਰ ਵਿੱਚ ਰੈਲੀ ਦੀ ਸ਼ੁਰੂਆਤ ਸਮੇਂ ਅਮਿਤ ਸ਼ਾਹ, ਭੂਪੇਂਦਰ ਪਟੇਲ, ਏਕਨਾਥ ਸ਼ਿੰਦੇ ਅਤੇ ਅਨੁਪ੍ਰਿਯਾ ਪਟੇਲ ਹਾਜ਼ਰ ਸਨ। ਦੂਜੇ ਪਾਸੇ ਵਾਰਾਣਸੀ ਸਮਾਗਮ ਵਿੱਚ ਰਾਜਨਾਥ ਸਿੰਘ, ਯੋਗੀ ਆਦਿੱਤਿਆਨਾਥ, ਐੱਨ. ਚੰਦਰਬਾਭੂ ਨਾਇਡੂ ਅਤੇ ਚਿਰਾਗ ਪਾਸਵਾਨ ਸ਼ਾਮਲ ਹੋਏ।

