BJP Secularism Statement: ਭਾਰਤ ਸਿਰਫ਼ ‘ਹਿੰਦੂਆਂ’ ਦਾ ਨਹੀਂ, ਸਗੋਂ ਸਾਰੇ ਭਾਰਤੀਆਂ ਦਾ ਹੈ: ਨਿਤਿਨ ਗਡਕਰੀ
ਭਾਜਪਾ ਕਿਸੇ ਵੀ ‘ਧਰਮ’ ਦੇ ਖ਼ਿਲਾਫ਼ ਨਹੀਂ: ਕਾਂਗਰਸ ’ਤੇ ਵੋਟ ਬੈਂਕ ਦੀ ਰਾਜਨੀਤੀ ਲਈ ਤੁਸ਼ਟੀਕਰਨ ਦੀ ਨੀਤੀ ਅਪਣਾਉਣ ਦੇ ਲਾਏ ਦੋਸ਼
BJP Secularism Statement: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਕਿਸੇ ਵੀ ਭਾਈਚਾਰੇ ਦੇ ਵਿਰੁੱਧ ਨਹੀਂ ਹੈ ਅਤੇ ਉਹ ਸਾਰੇ ਧਰਮਾਂ, ਜਾਤਾਂ ਤੇ ਵਰਗਾਂ ਨੂੰ ਨਾਲ ਲੈ ਕੇ ਦੇਸ਼ ਦੇ ਵਿਕਾਸ ਲਈ ਕੰਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਨ ਸੰਘ ਦੇ ਸੰਸਥਾਪਕ ਡਾ. ਸਿਆਮਾ ਪ੍ਰਸਾਦ ਮੁਖਰਜੀ ਦੇ ਵਿਚਾਰ ਅੱਜ ਵੀ ਪੂਰੀ ਤਰ੍ਹਾਂ ਪ੍ਰਾਸੰਗਿਕ ਹਨ ਅਤੇ ਪਾਰਟੀ ਨੂੰ ਉਨ੍ਹਾਂ ਦੇ ਰਾਸ਼ਟਰਵਾਦੀ ਫ਼ਲਸਫ਼ੇ ’ਤੇ ਚੱਲਦਿਆਂ ਅੱਗੇ ਵਧਣਾ ਚਾਹੀਦਾ ਹੈ।
ਸ਼ਨੀਵਾਰ ਨੂੰ ਇੱਥੇ ਡਾ. ਸਿਆਮਾ ਪ੍ਰਸਾਦ ਮੁਖਰਜੀ ਲੈਕਚਰ ਲੜੀ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਦੇਸ਼ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਰਾਸ਼ਟਰੀ ਆਦਰਸ਼ਾਂ ਦੀ ਇਕਸਾਰ ਤੰਦ ਵਿੱਚ ਪਰੋ ਕੇ ਭਾਰਤ ਨੂੰ 'ਵਿਸ਼ਵਗੁਰੂ' ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਇਹ ਦੇਸ਼ ਸਿਰਫ਼ ਹਿੰਦੂਆਂ ਦਾ ਨਹੀਂ ਹੈ, ਸਗੋਂ ਹਰ ਉਸ ਨਾਗਰਿਕ ਦਾ ਹੈ ਜੋ ਭਾਰਤੀ ਹੈ।"
ਇਸ ਦੌਰਾਨ ਉਨ੍ਹਾਂ ਕਾਂਗਰਸ ਅਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਹਮੇਸ਼ਾ ਤੁਸ਼ਟੀਕਰਨ (appeasement) ਦੀ ਨੀਤੀ ਅਪਣਾਈ ਅਤੇ ਭਾਜਪਾ ਦੇ ਪੂਰਵਜ ਸੰਗਠਨ ‘ਜਨ ਸੰਘ’ ਬਾਰੇ ਦੇਸ਼ ਭਰ ਵਿੱਚ ਭੁਲੇਖੇ ਤੇ ਗ਼ਲਤਫ਼ਹਿਮੀਆਂ ਫੈਲਾਈਆਂ। ਦੇਸ਼ ਦੀ ਵੰਡ ਦਾ ਜ਼ਿਕਰ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਕਾਰਨ ਭਾਰਤ ਅਤੇ ਪਾਕਿਸਤਾਨ ਦੋ ਦੇਸ਼ ਬਣੇ, ਜਿਸ ਦਾ ਇਤਿਹਾਸ ਸਭ ਦੇ ਸਾਹਮਣੇ ਹੈ ਅਤੇ ਦੇਸ਼ ਅੱਜ ਵੀ ਉਸ ਵੰਡ ਦੇ ਦੁਖਦਾਈ ਨਤੀਜੇ ਭੁਗਤ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਅੱਜ ਵੀ ਭਾਜਪਾ ਦੀ ਵਿਚਾਰਧਾਰਾ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਸਾਡੇ ਲਈ ਦੇਸ਼ ਸਭ ਤੋਂ ਉੱਪਰ ਹੈ। ਰਾਸ਼ਟਰਵਾਦ ਸਾਡੀ ਸਾਂਝੀ ਆਸਥਾ, ਸ਼ਰਧਾ ਅਤੇ ਪ੍ਰੇਰਨਾ ਹੈ, ਜੋ ਕਿ ਡਾ. ਸਿਆਮਾ ਪ੍ਰਸਾਦ ਮੁਖਰਜੀ ਦੇ ਜੀਵਨ ਦਾ ਵੀ ਅਹਿਮ ਹਿੱਸਾ ਸੀ। ਦੂਜੇ ਪਾਸੇ ਕਾਂਗਰਸ ਨੇ ਧਰਮ ਨਿਰਪੱਖਤਾ (secularism) ਦੇ ਨਾਂ ’ਤੇ ਦੇਸ਼ ਨੂੰ ਧਰਮਾਂ, ਜਾਤਾਂ ਅਤੇ ਫ਼ਿਰਕਿਆਂ ਵਿੱਚ ਵੰਡਿਆ, ਜਿਸ ਕਾਰਨ ਫ਼ਿਰਕਾਪ੍ਰਸਤੀ ਤੇ ਜਾਤੀਵਾਦ ਨੂੰ ਬੜਾਵਾ ਮਿਲਿਆ।
ਸ੍ਰੀ ਗਡਕਰੀ ਨੇ ਸਪਸ਼ਟ ਕਰਦਿਆਂ ਕਿਹਾ, "ਸਾਡਾ ਮੰਨਣਾ ਹੈ ਕਿ ਅਸੀਂ ਸਾਰੇ ਇੱਕ ਹਾਂ। ਸਾਡੇ ਦੇਸ਼ ਵਿੱਚ ਕੋਈ ਮਸਜਿਦ ਜਾ ਸਕਦਾ ਹੈ, ਕੋਈ ਬੁੱਧ ਵਿਹਾਰ, ਕੋਈ ਗੁਰਦੁਆਰੇ ਤੇ ਕੋਈ ਮੰਦਰ, ਪਰ ਅਸੀਂ ਸਾਰੇ ਮੂਲ ਰੂਪ ਵਿੱਚ ਭਾਰਤੀ ਹਾਂ। ਸਾਡਾ ਸੱਭਿਆਚਾਰ, ਇਤਿਹਾਸ ਅਤੇ ਵਿਰਾਸਤ ਇੱਕ ਹੈ। ਸਾਡੀ ਪੂਜਾ ਪੱਧਤੀ ਅਲੱਗ ਹੋ ਸਕਦੀ ਹੈ, ਜਿਸ ਦੀ ਇਜਾਜ਼ਤ ਅਤੇ ਅਧਿਕਾਰ ਸਾਡਾ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਬਰਾਬਰ ਰੂਪ ਵਿੱਚ ਦਿੰਦਾ ਹੈ।"
ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਨੇ ਹਮੇਸ਼ਾ ਭਾਰਤੀਅਤਾ, ਹਿੰਦੂਤਵ ਅਤੇ ਰਾਸ਼ਟਰਵਾਦ ਦੇ ਸੰਕਲਪਾਂ ਦੀ ਗ਼ਲਤ ਵਿਆਖਿਆ ਕੀਤੀ ਹੈ ਤਾਂ ਜੋ ਜਨ ਸੰਘ ਅਤੇ ਭਾਜਪਾ ਨੂੰ ਇੱਕ ਖਾਸ ਜਾਤ ਜਾਂ ਫ਼ਿਰਕੇ ਦੀ ਪਾਰਟੀ ਵਜੋਂ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਮੁੜ ਦੁਹਰਾਇਆ ਕਿ ਸੁਸ਼ਾਸਨ (Good Governance) ਅਤੇ ਵਿਕਾਸ ਹੀ ਭਾਜਪਾ ਦਾ ਮੁੱਖ ਮਿਸ਼ਨ ਹੈ। ਡਾ. ਮੁਖਰਜੀ, ਪੰਡਿਤ ਦੀਨਦਿਆਲ ਉਪਾਧਿਆਏ ਅਤੇ ਅਟਲ ਬਿਹਾਰੀ ਵਾਜਪਾਈ ਵਰਗੇ ਮਹਾਨ ਆਗੂਆਂ ਦੇ ਮੁੱਲ ਅਤੇ ਆਦਰਸ਼ ਹੀ ਭਾਜਪਾ ਦੀ ਅਸਲ ਪੂੰਜੀ ਹਨ।

