ਭਾਜਪਾ ਗੁਰੂਆਂ ਦੇ ਨਾਂ ’ਤੇ ਕਰ ਰਹੀ ਹੈ ਸਿਆਸਤ: ‘ਆਪ’
ਅਤਿਸ਼ੀ ਦੇ ਭਾਸ਼ਣ ਦੀ ਵੀਡੀਓ ਨਾਲ ਛੇੜਛਾੜ ਦਾ ਦਾਅਵਾ; ਭਾਜਪਾ ’ਤੇ ਗੁਰੂਆਂ ਦੇ ਨਾਂ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ
ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਵਿੱਚ ਸਿੱਖ ਗੁਰੂਆਂ ਦਾ ਅਪਮਾਨ ਕਰਨ ਲਈ ਭਾਜਪਾ ’ਤੇ ਤਿੱਖਾ ਹਮਲਾ ਕੀਤਾ। ‘ਆਪ’ ਆਗੂ ਸੰਜੀਵ ਝਾਅ ਨੇ ਕਿਹਾ ਕਿ ਭਾਜਪਾ ਨੇ ਕਥਿਤ ਵੀਡੀਓ ਨੂੰ ਝੂਠਾ ਬਣਾ ਕੇ ਤੇ ਗੁਰੂਆਂ ਦੇ ਨਾਂ ਨੂੰ ਸਿਆਸਤ ਵਿੱਚ ਲਿਆ ਕੇ ਸਿੱਖ ਭਾਈਚਾਰੇ ਦਾ ਅਪਮਾਨ ਕੀਤਾ ਹੈ। ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਉਪ-ਰਾਜਪਾਲ ਦੇ ਭਾਸ਼ਣ ਦੌਰਾਨ ਪ੍ਰਦੂਸ਼ਣ ’ਤੇ ਚਰਚਾ ਦੀ ਮੰਗ ਕੀਤੀ ਸੀ। ਭਾਜਪਾ ਨੇ ਉਸੇ ਵੀਡੀਓ ਨਾਲ ਛੇੜਛਾੜ ਕੀਤੀ ਤੇ ਗੁਰੂ ਸਾਹਿਬ ਦੇ ਨਾਂ ਨੂੰ ਬਦਨਾਮ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਪਣੀ ਮਾੜੀ ਰਾਜਨੀਤੀ ਲਈ ਗੁਰੂ ਸਾਹਿਬ ਦੇ ਨਾਂ ਨੂੰ ਵੀ ਨਹੀਂ ਬਖ਼ਸ਼ ਰਹੀ ਹੈ। ਉਨ੍ਹਾਂ ਵਿਧਾਨ ਸਭਾ ਸਪੀਕਰ ਤੋਂ ਮੰਗ ਕੀਤੀ ਕਿ ਉਸ ਵੇਲੇ ਦੀ ਅਸਲ ਵੀਡੀਓ ਮੁਹੱਈਆ ਕਰਵਾਈ ਜਾਵੇ। ‘ਆਪ’ ਆਗੂਆਂ ਨੇ ਸਦਨ ਨੂੰ ਗੁੰਮਰਾਹ ਕਰਨ ਲਈ ਮੰਤਰੀ ਕਪਿਲ ਮਿਸ਼ਰਾ ਦੀ ਮੈਂਬਰਸ਼ਿਪ ਖ਼ਤਮ ਕਰਨ ਦੀ ਮੰਗ ਕੀਤੀ ਤੇ ਜਾਅਲੀ ਵੀਡੀਓ ਟਵੀਟ ਕਰਨ ਵਾਲੇ ਵਿਧਾਇਕਾਂ ਨੂੰ ਛੇ ਮਹੀਨਿਆਂ ਲਈ ਮੁਅੱਤਲ ਕਰਨ ਲਈ ਕਿਹਾ।
ਵੀਰਵਾਰ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸੰਜੀਵ ਝਾਅ ਨੇ ਕਿਹਾ ਕਿ ਬੁੱਧਵਾਰ ਨੂੰ ਸਦਨ ਵਿੱਚ ਇੱਕ ਹੋਰ ਸ਼ਰਮਨਾਕ ਘਟਨਾ ਵਾਪਰੀ। ਉਨ੍ਹਾਂ ਨੇ ਮੀਡੀਆ ਨੂੰ ਦੋ ਵੀਡੀਓਜ਼ ਦਿਖਾਈਆਂ। ਸੰਜੀਵ ਝਾਅ ਨੇ ਕਿਹਾ ਕਿ ਪਹਿਲਾ ਵੀਡੀਓ ਅਸਲੀ ਹੈ, ਜਿਸ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਬੋਲ ਰਹੀ ਹੈ ਤੇ ਦੂਜਾ ਵੀਡੀਓ ਉਹ ਹੈ ਜਿਸ ਨੂੰ ਭਾਜਪਾ ਨੇ ਐਡਿਟ ਕਰਕੇ ਝੂਠੇ ਤਰੀਕੇ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਦਨ ਵਿੱਚ ਘਟੀਆ ਰਾਜਨੀਤੀ ਕਾਰਨ ਭਾਜਪਾ ਨੇ ਗੁਰੂਆਂ ਦਾ ਅਪਮਾਨ ਕੀਤਾ ਹੈ। ਸੰਜੀਵ ਝਾਅ ਨੇ ਅੱਗੇ ਕਿਹਾ ਕਿ ਭਾਜਪਾ ਆਗੂ ਗੁਰੂ ਸਾਹਿਬ ਦਾ ਨਾਂ ’ਤੇ ਸਿਆਸਤ ਕਰ ਰਹੇ ਹਨ। ਇਸ ਮੌਕੇ ਵਿਧਾਇਕ ਜਰਨੈਲ ਸਿੰਘ ਨੇ ਵੀ ਭਾਜਪਾ ਦੀ ਨਿਖੇਧੀ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਦਿੱਲੀ ਵਿਧਾਨ ਸਭਾ ਵਿੱਚ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ। ਭਾਜਪਾ ਦੇ ਵਿਧਾਇਕਾਂ ਨੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਦਾ ਜ਼ੋਰਦਾਰ ਵਿਰੋਧ ਕੀਤਾ। ਰੋਸ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਸਪੀਕਰ ਤੋਂ ਆਤਿਸ਼ੀ ਦੀ ਸਦਨ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਵੀ ਕੀਤੀ।
ਗੁਰੂ ਤੇਗ ਬਹਾਦਰ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ: ਭਾਜਪਾ
ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਮਾਰਲੇਨਾ ਵੱਲੋਂ ਗੁਰੂ ਤੇਗ ਬਹਾਦਰ ਜੀ ਵਿਰੁੱਧ ਦਿੱਲੀ ਵਿਧਾਨ ਸਭਾ ਵਿੱਚ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਨਾ ਸਿਰਫ਼ ਮੰਦਭਾਗੀਆਂ ਹਨ, ਬਲਕਿ ਆਮ ਆਦਮੀ ਪਾਰਟੀ ਦੀ ਸਿੱਖ ਵਿਰੋਧੀ ਅਤੇ ਵੰਡ ਪਾਊ ਮਾਨਸਿਕਤਾ ਨੂੰ ਵੀ ਉਜਾਗਰ ਕਰਦੀਆਂ ਹਨ, ਜਿਸ ਨੂੰ ਦੇਸ਼ ਸਵੀਕਾਰ ਨਹੀਂ ਕਰੇਗਾ। ਸ੍ਰੀ ਸਚਦੇਵਾ ਨੇ ਕਿਹਾ ਕਿ ਦਿੱਲੀ ਭਾਜਪਾ ਸਿੱਖ ਸੈੱਲ, ਪਾਰਟੀ ਵਰਕਰਾਂ ਨਾਲ ਮਿਲ ਕੇ ਸਿੱਖ ਗੁਰੂ ਦੇ ਇਸ ਅਸਹਿਣਯੋਗ ਅਪਮਾਨ ਵਿਰੁੱਧ ਭਲਕੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰੇਗਾ।

