ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦੀ ਪਲੇਠੀ ਮੀਟਿੰਗ
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਮਈ
ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਦਿੱਲੀ ਪ੍ਰਦੇਸ਼ ਭਾਜਪਾ ਦੇ 14 ਨਵੇਂ ਜ਼ਿਲ੍ਹਾ ਪ੍ਰਧਾਨਾਂ ਨੇ ਅੱਜ ਮੀਟਿੰਗ ਕੀਤੀ। ਇਸ ਵਿੱਚ ਅਗਲੀ ਰਣਨੀਤੀ ਵਿਚਾਰੀ ਗਈ। ਇਸ ਮੀਟਿੰਗ ਦੌਰਾਨ ਨਵੇਂ ਪ੍ਰਧਾਨਾਂ ਨੇ ਆਪਣੇ ਆਪਣੇ ਇਲਾਕੇ ਵਿੱਚ ਕੀਤੇ ਜਾਣ ਵਾਲੇ ਕੁਝ ਕਾਰਜਾਂ ਦੇ ਵੇਰਵੇ ਵੀ ਸਾਂਝੇ ਕੀਤੇ ਅਤੇ ਸੂਬਾ ਕਮੇਟੀ ਨਾਲ ਤਾਲਮੇਲ ਕਰਕੇ ਕੰਮ ਕਰਨ ਉੱਪਰ ਵਿਚਾਰ ਵਟਾਂਦਰਾ ਕੀਤਾ। ਦਿੱਲੀ ਵਿੱਚ ਸੂਬਾ ਸਰਕਾਰ ਬਣਾਉਣ ਤੋਂ ਬਾਅਦ ਦਿੱਲੀ ਭਾਜਪਾ ਨੇ ਦਿੱਲੀ ਨਗਰ ਨਿਗਮ ’ਤੇ ਵੀ ਆਪਣਾ ਕਬਜ਼ਾ ਕਰ ਲਿਆ ਹੈ ਅਤੇ ਆਮ ਆਦਮੀ ਪਾਰਟੀ ਦੇ ਕਈ ਕੌਂਸਲਰਾਂ ਨੂੰ ਉਹ ਤੋੜਨ ਵਿੱਚ ਵੀ ਸਫਲ ਰਹੀ ਹੈ। ਹੁਣ ਪਾਰਟੀ ਵੱਲੋਂ ਦਿੱਲੀ ਅੰਦਰ ਆਪਣੇ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਸਰਗਰਮ ਵਰਕਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੀਟਿੰਗ ਵਿੱਚ ਭਾਜਪਾ ਵਰਕਰਾਂ ਨਾਲ ਤਾਲਮੇਲ ਬਣਾਉਣ ਲਈ ਪ੍ਰਧਾਨਾਂ ਨੂੰ ਹਦਾਇਤ ਕੀਤੀ ਗਈ। ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਅਤੇ ਦਿੱਲੀ ਸਰਕਾਰ ਦੇ ਕਾਰਜਾਂ ਨੂੰ ਆਮ ਲੋਕਾਂ ਤੱਕ ਲਿਜਾਣ ਲਈ ਜ਼ਿਲ੍ਹਾ ਪ੍ਰਧਾਨਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ।
ਦਿੱਲੀ ਵਿੱਚ ਭਾਜਪਾ 27 ਸਾਲਾਂ ਬਾਅਦ ਮੁੜ ਸੱਤਾ ਵਿੱਚ ਆਈ ਹੈ ਪਰ 100 ਦਿਨਾਂ ਦੇ ਕਾਰਜ ਕਾਲ ਦੌਰਾਨ ਪਾਰਟੀ ਨੂੰ ਮੀਂਹ ਦੌਰਾਨ ਪਾਣੀ ਭਰਨ, ਬਿਜਲੀ ਦੀ ਤੰਗੀ ਅਤੇ ਪੀਣ ਵਾਲੇ ਪਾਣੀ ਦੀ ਕਮੀ ਵਰਗੇ ਬੁਨਿਆਦੀ ਮੁੱਦਿਆਂ ਨਾਲ ਜੂਝਣਾ ਪੈ ਰਿਹਾ ਹੈ।