ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜਨਵਰੀ
ਦਿੱਲੀ ਭਾਜਪਾ ਕਾਰਜਕਾਰਨੀ ਕਮੇਟੀ ਦੀ ਬੈਠਕ ਦੇ ਦੂਜੇ ਦਿਨ ਪਾਰਟੀ ਨੇ ਕਈ ਮੁੱਦਿਆਂ ‘ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ‘ਤੇ ਨਿਸ਼ਾਨਾ ਸੇਧਿਆ ਅਤੇ ਇੰਡੀਆ ਗੇਟ ‘ਤੇ ਨੇਤਾ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦੀ ਸਥਾਪਨਾ ਅਤੇ ਕੇਂਦਰੀ ਪ੍ਰਾਜੈਕਟਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਦਿੱਲੀ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨੇ ਦੋਸ਼ ਲਗਾਇਆ ਕਿ ‘ਆਪ’ ਸਰਕਾਰ ਵੱਖ-ਵੱਖ ਵਿਭਾਗਾਂ ਜਿਵੇਂ ਕਿ ਆਬਕਾਰੀ ਅਤੇ ਬਿਜਲੀ ਦੇ ਨਾਲ-ਨਾਲ ਕਲਾਸਰੂਮ ਬਣਾਉਣ ਵਰਗੇ ਪ੍ਰਾਜੈਕਟਾਂ ‘ਚ ‘ਭ੍ਰਿਸ਼ਟਾਚਾਰ’ ਕਰ ਰਹੀ ਹੈ। ਹਾਲਾਂਕਿ ਆਮ ਆਦਮੀ ਪਾਰਟੀ (ਆਪ) ਜਾਂ ਦਿੱਲੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ‘ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ। ਦਿੱਲੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਅੱਜ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੀ ਚਰਚਾ ਦੌਰਾਨ ਦਿੱਲੀ ਸਰਕਾਰ ਦੇ ਭ੍ਰਿਸ਼ਟ ਚਿਹਰੇ ਨੂੰ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਹੈ ਕਈ ਮਹੀਨਿਆਂ ‘ਤੋਂ ਭਾਜਪਾ ‘ਆਪ’ ਸਰਕਾਰ ਉਤੇ ਆਬਕਾਰੀ ਵਿਭਾਗ ਵਿੱਚ ਭ੍ਰਿਸ਼ਰਟਾਚਾਰ ਦੇ ਦੋਸ਼ ਲਾ ਰਹੀ ਹੈ। ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਬਾਰੇ ਵੀ ਚਰਚਾ ਕੀਤੀ ਗਈ। ਭਾਜਪਾ ਨੇਤਾ ਨੇ ਕਿਹਾ ਕਿ ਆਦਰਸ਼ ਨਗਰ, ਸ਼ਕੂਰ ਬਸਤੀ, ਪਾਲਮ, ਨਜਫਗੜ੍ਹ, ਲਕਸ਼ਮੀ ਨਗਰ, ਸ਼ਾਹਦਰਾ, ਰੋਹਤਾਸ ਨਗਰ, ਬਾਬਰਪੁਰ ਅਤੇ ਕਰਾਵਲ ਨਗਰ ਅਜਿਹੇ ਕੁਝ ਹਿੱਸੇ ਹਨ, ਜਿੱਥੇ ਪਾਰਟੀ ਜਿੱਤੀ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਵਿੱਚ ਖੇਤਰਾਂ ਵਿੱਚ ਪਕੜ ਮਜ਼ਬੂਤ ਬਣਾਉਣ ਲਈ ਯਤਨ ਕੀਤੇ ਜਾਣਗੇ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਭਾਜਪਾ ਦੇ ਮੈਂਬਰਾਂ ਨੂੰ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕੇਜਰੀਵਾਲ ਸਰਕਾਰ ਨੂੰ ਹਰਾਉਣ ਦਾ ਪ੍ਰਣ ਲੈਣ ਦੀ ਅਪੀਲ ਕੀਤੀ। ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ‘ਚ ਭਾਜਪਾ ਦੀ ਸੂਬਾ ਕਾਰਜਕਾਰਨੀ ਦੀ ਬੈਠਕ ਦੇ ਦੂਜੇ ਦਿਨ ਸੰਬੋਧਨ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ‘ਮੈਂ ਐਮਸੀਡੀ ਚੋਣਾਂ ਦੌਰਾਨ ਖੁਦ ਪ੍ਰਚਾਰ ਕੀਤਾ ਤੇ ਦੇਖਿਆ ਕਿ ਕੇਜਰੀਵਾਲ ਸਰਕਾਰ ਦਾ ਜਾਦੂ ਨਾਗਰਿਕਾਂ ਵਿੱਚ ਘੱਟ ਗਿਆ ਹੈ। ਸਾਨੂੰ ਹੁਣ ਮੋਦੀ ਸਰਕਾਰ ਦੇ ਕੰਮ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਤੇ ਮੈਨੂੰ ਯਕੀਨ ਹੈ ਕਿ ਪਹਿਲਾਂ 2024 ਵਿੱਚ ਅਤੇ ਫਿਰ 2025 ਵਿੱਚ ਜਿੱਤ ਸਾਡੀ ਹੋਵੇਗੀ’।