BJP ਨੇ ਪੰਜਾਬ ਵਿੱਚ ਪੈਸੇ ਲੈ ਕੇ ਟਰਾਂਸਫਰ ਕਰਨ ਦੇ ਘੁਟਾਲੇ ਦਾ ਦੋਸ਼ ਲਾਇਆ; CM Mann ਦੇ ਅਸਤੀਫ਼ੇ ਦੀ ਕੀਤੀ ਮੰਗ
ਈ ਡੀ ਵੱਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਪੰਜਾਬ ਪੁਲੀਸ ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਨੂੰ ਬਚਾਉਣ ਲਈ ਕੋਈ FIR ਦਰਜ ਨਹੀਂ ਕਰ ਰਹੀ: ਗੌਰਵ ਭਾਟੀਆ
ਭਾਜਪਾ ਨੇ ਬੁੱਧਵਾਰ ਨੂੰ ਪੰਜਾਬ ਵਿੱਚ ਅਧਿਕਾਰੀਆਂ ਦੀ ਟਰਾਂਸਫਰ ਅਤੇ ਤਾਇਨਾਤੀ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਅਤੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣ।
ਦਿੱਲੀ ਵਿੱਚ ਭਾਜਪਾ ਹੈੱਡਕੁਆਰਟਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਪਾਰਟੀ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਵਿੱਚ ਮਾਨ ਦੇ ਇਸ਼ਾਰੇ ਉੱਤੇ "ਕੈਸ਼-ਫੋਰ-ਟਰਾਂਸਫਰ" (ਪੈਸੇ ਲੈ ਕੇ ਤਬਦੀਲੀ) ਘੁਟਾਲਾ ਹੋ ਰਿਹਾ ਹੈ।
ਭਾਟੀਆ ਨੇ ਦੋਸ਼ ਲਾਇਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਪੰਜਾਬ ਪੁਲੀਸ ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਨੂੰ ਬਚਾਉਣ ਲਈ ਕੋਈ ਐੱਫ ਆਈ ਆਰ ਦਰਜ ਨਹੀਂ ਕਰ ਰਹੀ ਹੈ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ।
ਗੌਰਵ ਭਾਟੀਆ ਨੇ ਕਿਹਾ, "ਪੰਜਾਬ ਵਿੱਚ ਟਰਾਂਸਫਰ ਅਤੇ ਤਾਇਨਾਤੀ ਦਾ ਘੁਟਾਲਾ ਹੋ ਰਿਹਾ ਹੈ। ਸੀਨੀਅਰ ਆਈ ਏ ਐੱਸ ਅਤੇ ਆਈ ਪੀ ਐੱਸ ਅਧਿਕਾਰੀਆਂ ਦੀ ਟਰਾਂਸਫਰ ਅਤੇ ਤਾਇਨਾਤੀ ਇੱਕ ਰੇਟ ਕਾਰਡ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਇਹ ਤੱਥ ਮਾਮਲੇ ਦੀ ਜਾਂਚ ਦੌਰਾਨ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਆਏ ਹਨ।" ਉਨ੍ਹਾਂ ਨੇ ਇਸ ਘੁਟਾਲੇ ਵਿੱਚ ਮਾਨ ਦੇ ਓ ਐੱਸ ਡੀ (OSD) ਦੀ ਸ਼ਮੂਲੀਅਤ ਦਾ ਦੋਸ਼ ਵੀ ਲਾਇਆ।
ਭਾਜਪਾ ਬੁਲਾਰੇ ਨੇ ਕਿਹਾ, "ਕੀ ਕਿਸੇ ਓ ਐੱਸ ਡੀ ਕੋਲ 20 ਤੋਂ ਵੱਧ ਆਈ ਏ ਐੱਸ ਅਤੇ ਆਈ ਪੀ ਐੱਸ ਅਧਿਕਾਰੀਆਂ ਦੀ ਟਰਾਂਸਫਰ ਅਤੇ ਤਾਇਨਾਤੀ ਕਰਨ ਦੀ ਤਾਕਤ ਹੈ ਅਤੇ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸੇ ਜਾਣਕਾਰੀ ਤੋਂ ਬਿਨਾਂ? ਇਹ ਅਸੰਭਵ ਹੈ। ਇਹ ਮੁੱਖ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਸੰਭਵ ਨਹੀਂ ਹੈ।"
ਭਾਟੀਆ ਨੇ ਮੰਗ ਕਰਦਿਆਂ ਕਿਹਾ, "ਅਸੀਂ ਮੰਗ ਕਰਦੇ ਹਾਂ ਕਿ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਤੁਰੰਤ ਅਸਤੀਫ਼ਾ ਦੇਣ। ਇਸ ਮਾਮਲੇ ਦੀ ਨਿਰਪੱਖ ਜਾਂਚ ਸਿਰਫ਼ ਉਦੋਂ ਹੀ ਸੰਭਵ ਹੈ ਜਦੋਂ ਭਗਵੰਤ ਮਾਨ ਅਸਤੀਫ਼ਾ ਦੇ ਦੇਣ।"

