ਬਿਹਾਰ ਚੋਣਾਂ: NDA ਦੀ ਜਿੱਤ ਨੇ ‘ਜੰਗਲ ਰਾਜ ਵਾਲਿਆਂ ਦੇ ਫ਼ਿਰਕੂ MY ਫਾਰਮੂਲੇ’ ਨੂੰ ਤਬਾਹ ਕਰ ਦਿੱਤਾ: ਮੋਦੀ
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨ.ਡੀ.ਏ. ਦੀ ਵੱਡੀ ਜਿੱਤ ਦੀ ਹਾਸਿਲ ਕਰ ਲਈ ਹੈ , ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਾਰਟੀ ਹੈੱਡਕੁਆਰਟਰ ਪਹੁੰਚਕੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ।
ਐਨ.ਡੀ.ਏ. ਦੀ ਵੱਡੀ ਜਿੱਤ ਦੀ ਪ੍ਰਸ਼ੰਸਾ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਜਿੱਤ ਨੇ ਲੋਕਾਂ ਨੂੰ ਇੱਕ ਨਵਾਂ ‘MY – ਮਹਿਲਾ (Mahila) ਅਤੇ ਯੁਵਾ (Youth)’ ਫਾਰਮੂਲਾ ਦਿੱਤਾ ਹੈ, ਜਿਸ ਨਾਲ ‘ਜੰਗਲ ਰਾਜ ਵਾਲਿਆਂ ਦੇ ਫ਼ਿਰਕੂ MY ਫਾਰਮੂਲੇ’ ਨੂੰ ਤਬਾਹ ਕਰ ਦਿੱਤਾ ਗਿਆ ਹੈ।
ਇੱਥੇ ਭਾਜਪਾ ਹੈੱਡਕੁਆਰਟਰ ਵਿਖੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਬਿਹਾਰ ਉਹ ਧਰਤੀ ਹੈ ਜਿਸ ਨੇ ਭਾਰਤ ਨੂੰ ਲੋਕਤੰਤਰ ਦੀ ਮਾਂ ਹੋਣ ਦਾ ਮਾਣ ਦਿੱਤਾ ।
ਮੋਦੀ ਨੇ ਕਿਹਾ, “ਬਿਹਾਰ ਨੇ ਇੱਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਝੂਠ ਹਾਰ ਜਾਂਦਾ ਹੈ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਦਾ ਹੈ। ਇਸ ਜਿੱਤ ਨੇ ਚੋਣ ਕਮਿਸ਼ਨ ਵਿੱਚ ਲੋਕਾਂ ਦਾ ਭਰੋਸਾ ਮਜ਼ਬੂਤ ਕੀਤਾ ਹੈ।
ਉਨ੍ਹਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਦੀ ਵੀ ਸ਼ਲਾਘਾ ਕੀਤੀ ਅਤੇ ਐਨ.ਡੀ.ਏ. ਸਹਿਯੋਗੀਆਂ ਨੂੰ ਚੋਣਾਂ ਵਿੱਚ ਜਿੱਤ ਲਈ ਵਧਾਈ ਦਿੱਤੀ।
ਬਿਹਾਰ ਵਿੱਚ ਐਨ.ਡੀ.ਏ. ਨੂੰ ਮਿਲੇ ਵੱਡੇ ਫਤਵੇ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਕਿ ਉਹ ਪੱਛਮੀ ਬੰਗਾਲ ਤੋਂ ’ਜੰਗਲ ਰਾਜ’ ਨੂੰ ਬਾਹਰ ਕੱਢ ਕੇ ਰਹਿਣਗੇ। ਉਨ੍ਹਾਂ ਕਿਹਾ ਕਿ ਜਿਵੇਂ ਗੰਗਾ ਨਦੀ ਬਿਹਾਰ ਰਾਹੀਂ ਬੰਗਾਲ ਵੱਲ ਵਹਿੰਦੀ ਹੈ, ਉਸੇ ਤਰ੍ਹਾਂ ਇਸ ਜਿੱਤ ਨੇ ਉੱਥੇ ਵੀ ਭਾਜਪਾ ਦੀ ਜਿੱਤ ਦਾ ਰਾਹ ਸਾਫ਼ ਕਰ ਦਿੱਤਾ ਹੈ।
ਇੱਥੇ ਭਾਜਪਾ ਹੈੱਡਕੁਆਰਟਰ ਵਿਖੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਹੁਣ ‘ਮੁਸਲਿਮਲੀਗੀ ਮਾਓਵਾਦੀ ਕਾਂਗਰਸ - ਐੱਮ.ਐੱਮ.ਸੀ.’ ਬਣ ਗਈ ਹੈ ਅਤੇ ਜਲਦੀ ਹੀ ਇਸ ਵਿੱਚ ਇੱਕ ਵੱਡੀ ਫੁੱਟ ਪਵੇਗੀ।ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ’ਤੇ ਨਿਸ਼ਾਨਾ ਸਾਧਦੇ ਹੋਏ, ਉਨ੍ਹਾਂ ਕਿਹਾ ਕਿ ਪਾਰਟੀ ਦੇ ਅੰਦਰ ਕੁਝ ਨਾਮਦਾਰ ਹਨ ਜੋ ਸਾਰਿਆਂ ਨੂੰ ਆਪਣੇ ਨਾਲ ਡੁਬੋ ਰਹੇ ਹਨ।
ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਸਲਿਮ-ਯਾਦਵ ਸਮਰਥਨ ਆਧਾਰ ਦਾ ਸਪੱਸ਼ਟ ਜ਼ਿਕਰ ਕਰਦਿਆਂ, ਮੋਦੀ ਨੇ ਕਿਹਾ ਕਿ ਬਿਹਾਰ ਵਿੱਚ ਕੁਝ ਪਾਰਟੀਆਂ ਨੇ ਇੱਕ ‘MY ਫਾਰਮੂਲਾ’ ਬਣਾਇਆ ਸੀ, ਪਰ ਅੱਜ ਦੀ ਜਿੱਤ ਨੇ ਇੱਕ ਨਵਾਂ ‘ਸਕਾਰਾਤਮਕ MY - ਮਹਿਲਾ ਅਤੇ ਯੁਵਾ’ ਫਾਰਮੂਲਾ ਦਿੱਤਾ ਹੈ।
ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ, “ਅੱਜ, ਬਿਹਾਰ ਉੱਚ ਯੁਵਾ ਆਬਾਦੀ ਵਾਲੇ ਸੂਬਿਆਂ ਵਿੱਚੋਂ ਹੈ ਅਤੇ ਇਹ ਨੌਜਵਾਨ ਸਾਰੇ ਧਰਮਾਂ ਅਤੇ ਜਾਤਾਂ ਨਾਲ ਸਬੰਧਤ ਹਨ। ਉਨ੍ਹਾਂ ਦੀਆਂ ਇੱਛਾਵਾਂ, ਆਸਾਂ ਅਤੇ ਉਨ੍ਹਾਂ ਦੇ ਸੁਪਨਿਆਂ ਨੇ ਜੰਗਲ ਰਾਜ ਵਾਲਿਆਂ ਦੇ ਫ਼ਿਰਕੂ MY ਫਾਰਮੂਲੇ ਨੂੰ ਤਬਾਹ ਕਰ ਦਿੱਤਾ ਹੈ।”
