Bhubaneswar Airport: ਉਡਾਣ ਰੱਦ ਹੋਣ ’ਤੇ ਭੁਵਨੇਸ਼ਵਰ ਹਵਾਈ ਅੱਡੇ ’ਤੇ ਮਹਿਲਾ ਯਾਤਰੀ ਵੱਲੋਂ ਹੰਗਾਮਾ
ਹਵਾਈ ਅੱਡੇ ਦੇ ਮੁਲਾਜ਼ਮਾਂ ਨਾਲ ਦੁਰਵਿਹਾਰ ਕਰਨ ’ਤੇ ਪੁਲੀਸ ਵੱਲੋਂ ਕੇਸ ਦਰਜ
Bhubaneswar Airport:ਕੋਲਕਾਤਾ ਜਾਣ ਵਾਲੀ ਉਡਾਣ ਰੱਦ ਹੋਣ ਤੋਂ ਬਾਅਦ ਭੁਵਨੇਸ਼ਵਰ ਹਵਾਈ ਅੱਡੇ ’ਤੇ ਇੱਕ ਮਹਿਲਾ ਯਾਤਰੀ ਨੇ ਹੰਗਾਮਾ ਕੀਤਾ ਅਤੇ ਏਅਰਲਾਈਨ ਦੇ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਹਿਲਾ ਗੁੱਸੇ ਵਿੱਚ ਕਨਵੇਅਰ ਬੈਲਟ ਉੱਤੇ ਚੜ੍ਹ ਗਈ ਅਤੇ ਕੁਝ ਸਾਮਾਨ ਵੀ ਸੁੱਟ ਦਿੱਤਾ।
ਅਧਿਕਾਰੀਆਂ ਮੁਤਾਬਕ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਏਅਰਲਾਈਨ ਦੇ ਕਰਮਚਾਰੀਆਂ ਨਾਲ ਬਦਸਲੂਕੀ ਕਰਨ ਦੇ ਦੋਸ਼ ਵਿੱਚ ਮਹਿਲਾ ਦੇ ਖਿਲਾਫ ਐੱਫ ਆਈ ਆਰ ਦਰਜ ਕਰ ਲਈ ਗਈ ਹੈ।
ਉਨ੍ਹਾਂ ਦੱਸਿਆ ਕਿ ਮਹਿਲਾ ਵੱਲੋਂ ਕਰਮਚਾਰੀਆਂ 'ਤੇ ਜ਼ੋਰ-ਜ਼ੋਰ ਨਾਲ ਚੀਕਣ ਅਤੇ ਹੰਗਾਮਾ ਕਰਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈਆਂ ਹਨ। ਮਹਿਲਾ ਦਾ ਬੱਚਾ ਕਥਿਤ ਤੌਰ 'ਤੇ ਕੋਲਕਾਤਾ ਵਿੱਚ ਬਿਮਾਰ ਸੀ। ਕਈ ਯਾਤਰੀਆਂ ਨੇ ਦੋਸ਼ ਲਾਇਆ ਕਿ ਵੀਰਵਾਰ ਦੁਪਹਿਰ 2:35 ਵਜੇ ਰਵਾਨਾ ਹੋਣ ਵਾਲੀ ਉਡਾਣ ਸ਼ਾਮ 5:30 ਵਜੇ ਰੱਦ ਕਰ ਦਿੱਤੀ ਗਈ ਸੀ ਪਰ ਯਾਤਰੀਆਂ ਨੂੰ ਇਸ ਦੀ ਜਾਣਕਾਰੀ ਸਮੇਂ ਸਿਰ ਨਹੀਂ ਦਿੱਤੀ ਗਈ।
ਤਕਨੀਕੀ ਖਰਾਬੀ ਕਾਰਨ ਉਡਾਣ ਹੋਈ ਸੀ ਰੱਦ
ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭੁਵਨੇਸ਼ਵਰ ਤੋਂ ਕੋਲਕਾਤਾ ਜਾਣ ਵਾਲੀ ਉਡਾਣ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਪਹਿਲਾਂ ਦੇਰੀ ਹੋਈ ਅਤੇ ਬਾਅਦ ਵਿੱਚ ਇਸ ਨੂੰ ਰੱਦ ਕਰ ਦਿੱਤਾ ਗਿਆ। ਉਡਾਣ ਰੱਦ ਹੋਣ ਤੋਂ ਨਾਰਾਜ਼ ਮਹਿਲਾ ਨੇ ਸਬੰਧਤ ਏਅਰਲਾਈਨ ਦੇ ਕਰਮਚਾਰੀਆਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਹਵਾਈ ਅੱਡਾ ਪ੍ਰਸ਼ਾਸਨ ਨੇ ਯਾਤਰੀ ਦੇ ਖਿਲਾਫ ਏਅਰਪੋਰਟ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

