ਪੀਟੀਆਈ/ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਸਤੰਬਰ
ਸ਼ਹਿਰੀ ਵਿਕਾਸ ਮੰਤਰੀ ਸੌਰਭ ਭਾਰਦਵਾਜ ਅਤੇ ਪੀਡਬਲਯੂਡੀ ਮੰਤਰੀ ਆਤਿਸ਼ੀ ਨੇ ਜੀ-20 ਸੰਮੇਲਨ ਨੂੰ ਸਫ਼ਲ ਬਣਾਉਣ ਲਈ ਦਿੱਲੀ ਵਾਸੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਹੈ ਕਿ ਕੌਮੀ ਰਾਜਧਾਨੀ ਦੇ ਸੁੰਦਰੀਕਰਨ ਦਾ ਕੰਮ ਭਵਿੱਖ ਵਿੱਤ ਵੀ ਜਾਰੀ ਰਹੇਗਾ। ਸ਼ਹਿਰੀ ਵਿਕਾਸ ਮੰਤਰੀ ਸੌਰਭ ਭਾਰਦਵਾਜ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ), ਸ਼ਹਿਰੀ ਵਿਕਾਸੀ (ਯੂਡੀ) ਅਤੇ ਦਿੱਲੀ ਨਗਰ ਨਿਗਮ (ਐੱਮਸੀਡੀ) ਭਵਿੱਖ ਵਿੱਚ ਵੀ ਕੌਮੀ ਰਾਜਧਾਨੀ ਨੂੰ ਸੋਹਣਾ ਬਣਾਏ ਰੱਖਣ ਲਈ ਮਿਲ ਕੇ ਕੰਮ ਕਰਦੇ ਰਹਿਣਗੇ।
ਸੌਰਭ ਭਾਰਦਵਾਜ ਨੇ ਕਿਹਾ,‘‘ ਅਸੀਂ ਦਿੱਲੀ ਦੇ ਦੋ ਕਰੋੜ ਵਾਸੀਆਂ ਨੂੰ ਜੀ-20 ਸਿਖਰ ਸੰਮੇਲਨ ਨੂੰ ਸਫ਼ਲ ਬਣਾਉਣ ’ਚ ਸਹਿਯੋਗ ਦੇਣ ਲਈ ਧੰਨਵਾਦ ਕਰਦੇ ਹਾਂ, ਉਨ੍ਹਾਂ ਦੇ ਭਰੇ ਟੈਕਸ ਤੋਂ ਇਕੱਠੇ ਹੋਏ ਪੈਸੇ ਨਾਲ ਹੀ ਅਸੀਂ ਦਿੱਲੀ ਨੂੰ ਸੋਹਣਾ ਬਣਾ ਸਕੇ ਹਾਂ। ’’ ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਲਈ ਦਿੱਲੀ ਦੇ ਲੋਕ ਨੇ ਖੁਦ ਨੂੰ ਘਰਾਂ ਵਿੱਚ ਕੈਦ ਕਰ ਲਿਆ ਸੀ। ਕੁਝ ਦਿਨ ਤਾਂ ਉਨ੍ਹਾਂ ਨੂੰ ਆਵਾਜਾਈ ਨਾਲ ਸਬੰਧਤ ਸਮੱਸਿਆਵਾਂ ਨਾਲ ਵੀ ਜੂਝਣਾ ਪਿਆ। ਭਵਿੱਖ ਵਿੱਚ ਵੀ ਪੀਡਬਲਯੂਡੀ, ਐੱਮਸੀਡੀ ਤੇ ਹੋਰ ਵਿਭਾਗ ਮਿਲਜੁਲ ਕੇ ਕੰਮ ਕਰਦੇ ਰਹਿਣਗੇ। ਪੀਡਬਲਯੂਡੀ ਮੰਤਰੀ ਆਤਿਸ਼ੀ ਦੇ ਮੁਤਾਬਕ ਦਿੱਲੀ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦਾ ਸੁੰਦਰੀਕਰਨ ਜਾਰੀ ਰਹੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੀਟਿੰਗ ਵੀ ਕੀਤੀ ਗਈ ਹੈ। ਆਤਿਸ਼ੀ ਨੇ ਕਿਹਾ,‘‘ ਅਸੀਂ ਦਿੱੱਲੀ ਵਾਸੀਆਂ ਨਾਲ ਵਾਅਦਾ ਕਰਦੇ ਹਾਂ ਕਿ ਦਿੱਲੀ ਦੇ ਸੁੰਦਰੀਕਰਨ ਦੀ ਪ੍ਰਕਿਰਿਆ ਜਾਰੀ ਰਹੇਗੀ।’’ ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਸਾਰੀਆਂ ਸੜਕਾਂ ਨੂੰ ਸੁੰਦਰ ਬਣਾਉਣ ਦਾ ਕੰਮ ਕਰੇਗੀ। ਜਿਸ ਤਰ੍ਹਾਂ ਦਿੱਲੀ ਸਰਕਾਰ ਦੀਆਂ ਏਜੰਸੀਆਂ ਤੇ ਐੱਮਸੀਡੀ ਨੇ ਜੀ-20 ਖੇਤਰਾਂ ਵਿੱਚ ਸੁੰਦਰੀਕਰਨ, ਰੱਖ-ਰਖਾਅ, ਸ਼ਾਨਦਾਰ ਲਾਈਟਾਂ ਲਗਾਉਣ, ਬਾਗਬਾਨੀ ਆਦਿ ਲਈ ਮਿਲ ਕੇ ਕੰਮ ਕੀਤਾ ਸੀ, ਉਸੇ ਤਰਜ਼ ’ਤੇ ਹੁਣ ਦਿੱਲੀ ਦੀਆਂ ਬਾਕੀ ਸੜਕਾਂ ਨੂੰ ਵੀ ਸੁੰਦਰ ਬਣਾਇਆ ਜਾਵੇਗਾ। ਸੁੰਦਰੀਕਰਨ ਦੇ ਨਾਲ-ਨਾਲ ਲੋਕ ਨਿਰਮਾਣ ਵਿਭਾਗ ਦੀਆਂ ਕਰੀਬ 1400 ਕਿਲੋਮੀਟਰ ਸੜਕਾਂ ਦੀ ਸਾਂਭ-ਸੰਭਾਲ, ਸ਼ਾਨਦਾਰ ਲਾਈਟਾਂ ਲਗਾਉਣ, ਹਰਿਆਲੀ ਵਧਾਉਣ ਦਾ ਕੰਮ ਬਾਗਬਾਨੀ ਵਿਭਾਗ ਰਾਹੀਂ ਕੀਤਾ ਜਾਵੇਗਾ।
ਆਤਿਸ਼ੀ ਨੇ ਕਿਹਾ ਕਿ ਸ਼ਹਿਰੀ ਵਿਕਾਸ ਵਿਭਾਗ ਅਤੇ ਐੱਮਸੀਡੀ ਮਿਲ ਕੇ ਜੀ-20 ਖੇਤਰ ਦੀ ਤਰ੍ਹਾਂ ਪੂਰੀ ਦਿੱਲੀ ਵਿੱਚ ਮਕੈਨੀਕਲ ਰੋਡ ਸਵੀਪਿੰਗ, ਰੋਡ ਵਾਸ਼ਿੰਗ ਅਤੇ ਫੁੱਟਪਾਥਾਂ ਦੀ ਲਗਾਤਾਰ ਸਫਾਈ ਦਾ ਕੰਮ ਕਰਨਗੇ। ਨਾਲ ਹੀ ਦਿੱਲੀ ਸਰਕਾਰ ਐਮਸੀਡੀ ਨੂੰ ਲੋੜ ਅਨੁਸਾਰ ਹੋਰ ‘ਸੜਕ ਸਵੀਪਿੰਗ’ ਤੇ ‘ਰੋਡ ਵਾਸ਼ਿੰਗ’ ਮਸ਼ੀਨਾਂ ਖਰੀਦਣ ਵਿੱਚ ਮਦਦ ਕਰੇਗੀ। ਇਸ ਸਬੰਧੀ ਸੋਮਵਾਰ ਨੂੰ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਵੀ ਕੀਤੀ ਗਈ। ਆਤਿਸ਼ੀ ਕਿਹਾ, ‘‘ਭਲਕੇ ਤੋਂ ਮੈਂ ਲੋਕ ਨਿਰਮਾਣ ਵਿਭਾਗ ਦੀ ਟੀਮ ਨਾਲ ਉਨ੍ਹਾਂ ਸਾਰੇ ਖੇਤਰਾਂ ਵਿੱਚ ਜਾਵਾਂਗੀ, ਜਿੱਥੇ ਅਸੀਂ ਸੁੰਦਰੀਕਰਨ ਤੇ ਸਫ਼ਾਈ ਦਾ ਕੰਮ ਕਰਨਾ ਹੈ।’’