ਦਿੱਲੀ ਸਰਕਾਰ ਵੱਲੋਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਣਾਏ ਬਾਰਾਪੁਲਾ ਕੌਰੀਡੋਰ ਤੋਂ ਦਿੱਲੀ ਵਾਸੀਆਂ ਨੂੰ ਪ੍ਰੇਸ਼ਾਨੀ ਹੋਣ ਲੱਗੀ ਹੈ, ਜਿਸ ਕਰ ਕੇ ਸਰਕਾਰ ਵੱਲੋਂ ਇਸ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣਗੀਆਂ। ਬਾਰਾਪੁਲਾ ਫੇਜ਼-3 ਪ੍ਰਾਜੈਕਟ ਦਾ ਉਦੇਸ਼ ਸਰਾਏ ਕਾਲੇ ਖ਼ਾਨ ਅਤੇ ਮਯੂਰ ਵਿਹਾਰ ਵਿਚਕਾਰ ਸਫ਼ਰ ਨੂੰ ਸਿਗਨਲ-ਮੁਕਤ ਕਰਨਾ ਸੀ। ਇਸ ਪ੍ਰਾਜੈਕਟ ਵਿੱਚ ਕਾਫ਼ੀ ਦੇਰੀ ਵੀ ਹੋਈ। ਦਿੱਲੀ ਦੇ ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਵਰਮਾ ਨੇ ਕਿਹਾ ਕਿ ਬਾਰਾਪੁਲਾ ਕੌਰੀਡੋਰ ’ਤੇ ਮੌਜੂਦਾ ਆਵਾਜਾਈ ਜਾਮ ਦਾ ਇੱਕ ਮੁੱਖ ਕਾਰਨ ਇਸ ਦਾ ਡਿਜ਼ਾਈਨ ਹੈ। ਇਸ ਲਈ ਦਿੱਲੀ ਸਰਕਾਰ ਵੱਲੋਂ ਕੁਝ ਫੇਰਬਦਲ ਕਰਨ ਦੀ ਯੋਜਨਾ ਹੈ। ਦਿੱਲੀ ਵਾਸੀਆਂ ਖ਼ਾਸ ਕਰ ਕੇ ਪੂਰਬੀ ਅਤੇ ਦੱਖਣੀ ਦਿੱਲੀ ਦੇ ਲੋਕਾਂ ਲਈ ਇਹ ਫਲਾਈਓਵਰ ਦਾ ਹਿੱਸਾ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਬਾਰਾਪੁਲਾ ਫੇਜ਼-3 ਕੌਰੀਡੋਰ ਇਸ ਵੇਲੇ ਉਸੇ ਆਵਾਜਾਈ ਜਾਮ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਜਿਸ ਨੂੰ ਹੱਲ ਕਰਨ ਲਈ ਇਸ ਨੂੰ ਬਣਾਇਆ ਗਿਆ ਸੀ। ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਸਾਹਿਬ ਸਿੰਘ ਨੇ ਦਿੱਲੀ ਸਕੱਤਰੇਤ ਵਿੱਚ ਇੱਕ ਮੀਟਿੰਗ ਦੌਰਾਨ ਪਿਛਲੀ ਸਰਕਾਰ ਦੇ ਕਾਰਜਕਾਲ ਵਿੱਚ ਤਿਆਰ ਕੀਤੇ ਗਏ ਡਿਜ਼ਾਈਨ ’ਤੇ ਸਵਾਲ ਉਠਾਏ। ਉਨ੍ਹਾਂ ਦੱਸਿਆ ਕਿ ਲੋੜੀਂਦੀ ਜਗ੍ਹਾ ਹੋਣ ਦੇ ਬਾਵਜੂਦ ਸੜਕ ਨੂੰ ਜ਼ਰੂਰਤਾਂ ਅਨੁਸਾਰ ਚੌੜਾ ਨਹੀਂ ਕੀਤਾ ਗਿਆ। ਸਰਕਾਰ ਹੁਣ ਆਵਾਜਾਈ ਪ੍ਰਬੰਧਾਂ ਨੂੰ ਸੋਧ ਕੇ ਭੀੜ ਨੂੰ ਘਟਾਉਣ ਦੀ ਤਿਆਰੀ ਕਰ ਰਹੀ ਹੈ। ਪ੍ਰਵੇਸ਼ ਸਾਹਿਬ ਸਿੰਘ ਨੇ ਦੋਸ਼ ਲਾਇਆ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਠੇਕੇਦਾਰ ਨੂੰ 640 ਕਰੋੜ ਰੁਪਏ ਦੀ ਵਾਧੂ ਅਦਾਇਗੀ ਕੀਤੀ ਗਈ ਸੀ। ਉਨ੍ਹਾਂ ਨੇ ਇਸ ਨੂੰ ਪ੍ਰਾਜੈਕਟ ਦੀ ਲਾਗਤ ਅਤੇ ਸੰਚਾਲਨ ਨਾਲ ਜੁੜਿਆ ਇੱਕ ਗੰਭੀਰ ਮਾਮਲਾ ਕਰਾਰ ਦਿੱਤਾ। ਮੰਤਰੀ ਅਨੁਸਾਰ ਜਦੋਂ ਮੌਜੂਦਾ ਸਰਕਾਰ ਨੇ ਅਹੁਦਾ ਸੰਭਾਲਿਆ, ਉਦੋਂ ਤੱਕ ਪ੍ਰਾਜੈਕਟ ਲਈ ਲਗਭਗ 80 ਫੀਸਦੀ ਅਦਾਇਗੀ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ। ਸਰਕਾਰ ਨੇ ਬਾਕੀ ਰਹਿੰਦਾ ਕੰਮ ਲਗਭਗ ਇੱਕ ਸਾਲ ਵਿੱਚ ਪੂਰਾ ਕਰ ਕੇ ਪ੍ਰਾਜੈਕਟ ਨੂੰ ਚਾਲੂ ਕਰ ਦਿੱਤਾ, ਪਰ ਬਾਅਦ ਵਿੱਚ ਆਵਾਜਾਈ ਅਤੇ ਡਿਜ਼ਾਈਨ ਨਾਲ ਸਬੰਧਤ ਖਾਮੀਆਂ ਸਾਹਮਣੇ ਆਉਣ ਲੱਗੀਆਂ। ਮੰਤਰੀ ਨੇ ਕਿਹਾ ਕਿ ਮੌਜੂਦਾ ਬਾਰਾਪੁਲਾ ਫਲਾਈਓਵਰ ਚੌੜਾ ਹੈ, ਜਦੋਂ ਕਿ ਨਵੇਂ ਹਿੱਸੇ ਵਿੱਚ ਲੇਨਾਂ ਦੀ ਬਣਤਰ ਅਜਿਹੀ ਹੈ ਕਿ ਵਾਹਨਾਂ ਨੂੰ ਅੱਗੇ ਜਾ ਕੇ ਘੱਟ ਲੇਨਾਂ ਵਿੱਚ ਮਿਲਣਾ ਪੈਂਦਾ ਹੈ, ਜਿਸ ਨਾਲ ਭੀੜ-ਭੜੱਕੇ ਵਾਲੇ ਸਮੇਂ ਦੌਰਾਨ ਆਵਾਜਾਈ ਦਾ ਦਬਾਅ ਵਧ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸੜਕ ’ਤੇ ਦੋ ਹੋਰ ਲੇਨਾਂ ਜੋੜਨ ਨਾਲ ਲੰਬੇ ਸਮੇਂ ਦੀਆਂ ਆਵਾਜਾਈ ਲੋੜਾਂ ਨੂੰ ਪੂਰਾ ਕੀਤਾ ਜਾ ਸਕਦਾ ਸੀ। ਉਨ੍ਹਾਂ ਮੁਤਾਬਕ ਜਾਮ ਦੀ ਸਮੱਸਿਆ ਨੂੰ ਤੁਰੰਤ ਘੱਟ ਕਰਨ ਲਈ, ਫੁੱਟਪਾਥ ਨੂੰ ਹਟਾ ਕੇ ਸਰਾਏ ਕਾਲੇ ਖ਼ਾਨ ਅਤੇ ਆਈ ਟੀ ਓ ਵਿਚਕਾਰ ਇੱਕ ਵਾਧੂ ਲੇਨ ਬਣਾਉਣ ਦੇ ਪ੍ਰਸਤਾਵ ’ਤੇ ਕੰਮ ਚੱਲ ਰਿਹਾ ਹੈ। ਮੰਤਰੀ ਨੇ ਦੱਸਿਆ ਕਿ ਇਹ ਸੁਝਾਅ ਆਵਾਜਾਈ ਪੁਲੀਸ ਵੱਲੋਂ ਦਿੱਤਾ ਗਿਆ ਸੀ। ਮੰਤਰੀ ਨੇ ਦਾਅਵਾ ਕੀਤਾ ਕਿ ਅਗਲੇ 10 ਤੋਂ 15 ਦਿਨਾਂ ਦੇ ਅੰਦਰ-ਅੰਦਰ ਆਵਾਜਾਈ ਦੀ ਸਥਿਤੀ ਵਿੱਚ ਸੁਧਾਰ ਹੋਵੇਗਾ।

