ਖ਼ਰਾਬ ਮੌਸਮ ਦੀ ਮਾਰ: ਇੰਡੀਗੋ ਨੇ ਦੇਸ਼ ਭਰ ਵਿੱਚ 57 ਫਲਾਈਟਾਂ ਕੀਤੀਆਂ ਰੱਦ
ਚੰਡੀਗੜ੍ਹ, ਅੰਮ੍ਰਿਤਸਰ ਅਤੇ ਦਿੱਲੀ ਸਮੇਤ ਕਈ ਹਵਾਈ ਅੱਡਿਆਂ ’ਤੇ ਉਡਾਣਾਂ ਪ੍ਰਭਾਵਿਤ
ਦੇਸ਼ ਦੀ ਪ੍ਰਮੁੱਖ ਹਵਾਈ ਕੰਪਨੀ ‘ਇੰਡੀਗੋ’ ਨੇ ਸ਼ਨੀਵਾਰ ਨੂੰ ਵੱਖ-ਵੱਖ ਹਵਾਈ ਅੱਡਿਆਂ 'ਤੇ ਖ਼ਰਾਬ ਮੌਸਮ ਦਾ ਹਵਾਲਾ ਦਿੰਦੇ ਹੋਏ ਆਪਣੀਆਂ 57 ਉਡਾਣਾਂ ਰੱਦ ਕਰ ਦਿੱਤੀਆਂ ਹਨ।
ਏਅਰਲਾਈਨ ਦੀ ਵੈੱਬਸਾਈਟ ਅਨੁਸਾਰ, ਐਤਵਾਰ ਲਈ ਵੀ 13 ਹੋਰ ਫਲਾਈਟਾਂ ਰੱਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੌਸਮ ਦੀ ਭਵਿੱਖਬਾਣੀ ਅਤੇ ਕੁਝ ਸੰਚਾਲਨ ਕਾਰਨਾਂ ਕਰਕੇ ਹਨ।
ਪ੍ਰਭਾਵਿਤ ਸ਼ਹਿਰਾਂ ਵਿੱਚ ਚੰਡੀਗੜ੍ਹ, ਅੰਮ੍ਰਿਤਸਰ, ਦਿੱਲੀ, ਮੁੰਬਈ, ਅਹਿਮਦਾਬਾਦ ਅਤੇ ਕੋਲਕਾਤਾ ਸਮੇਤ ਕਈ ਮੁੱਖ ਹਵਾਈ ਅੱਡੇ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਹਵਾਬਾਜ਼ੀ ਰੈਗੂਲੇਟਰ DGCA ਨੇ 10 ਦਸੰਬਰ ਤੋਂ 10 ਫਰਵਰੀ ਤੱਕ ‘ਧੁੰਦ ਦਾ ਅਧਿਕਾਰਤ ਸਮਾਂ’ ਐਲਾਨਿਆ ਹੋਇਆ ਹੈ, ਜਿਸ ਤਹਿਤ ਏਅਰਲਾਈਨਾਂ ਲਈ ਘੱਟ ਵਿਜ਼ੀਬਿਲਟੀ ਵਿੱਚ ਉਡਾਣ ਭਰਨ ਵਾਲੇ ਸਿਖਲਾਈ ਪ੍ਰਾਪਤ ਪਾਇਲਟਾਂ ਅਤੇ CAT-IIIB ਤਕਨੀਕ ਵਾਲੇ ਜਹਾਜ਼ਾਂ ਨੂੰ ਤਾਇਨਾਤ ਕਰਨਾ ਲਾਜ਼ਮੀ ਹੈ।
ਇੰਡੀਗੋ ਦੀਆਂ ਮੁਸ਼ਕਲਾਂ ਇਸ ਮਹੀਨੇ ਦੇ ਸ਼ੁਰੂ ਵਿੱਚ ਪਾਇਲਟਾਂ ਦੇ ਡਿਊਟੀ ਅਤੇ ਆਰਾਮ ਦੇ ਨਵੇਂ ਨਿਯਮਾਂ ਕਾਰਨ ਹਜ਼ਾਰਾਂ ਫਲਾਈਟਾਂ ਰੱਦ ਹੋਣ ਨਾਲ ਵਧੀਆਂ ਸਨ। ਇਸ ਵਿਘਨ ਤੋਂ ਬਾਅਦ ਸਰਕਾਰ ਨੇ ਪਹਿਲਾਂ ਹੀ ਕੰਪਨੀ ਦੇ ਰੋਜ਼ਾਨਾ ਦੇ ਸ਼ਡਿਊਲ ਵਿੱਚ 10 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ, ਜਿਸ ਕਾਰਨ ਹੁਣ ਇੰਡੀਗੋ ਰੋਜ਼ਾਨਾ 1,930 ਤੋਂ ਵੱਧ ਉਡਾਣਾਂ ਨਹੀਂ ਚਲਾ ਸਕਦੀ।
CAT-III ਵਰਗੀ ਉੱਨਤ ਨੈਵੀਗੇਸ਼ਨ ਪ੍ਰਣਾਲੀ ਹੋਣ ਦੇ ਬਾਵਜੂਦ, ਜੋ 50 ਮੀਟਰ ਤੋਂ ਵੀ ਘੱਟ ਵਿਜ਼ੀਬਿਲਟੀ ਵਿੱਚ ਲੈਂਡਿੰਗ ਵਿੱਚ ਮਦਦ ਕਰਦੀ ਹੈ, ਖ਼ਰਾਬ ਮੌਸਮ ਅਤੇ ਸੰਚਾਲਨ ਸਬੰਧੀ ਪਾਬੰਦੀਆਂ ਯਾਤਰੀਆਂ ਲਈ ਮੁਸੀਬਤ ਬਣੀਆਂ ਹੋਈਆਂ ਹਨ। ਫਿਲਹਾਲ DGCA ਇੰਡੀਗੋ ਦੇ ਸੰਚਾਲਨ ’ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।

