ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਸਤੰਬਰ
ਪੂਰਬੀ ਅਤੇ ਦੱਖਣੀ ਅਫ਼ਰੀਕੀ ਦੇਸ਼ਾਂ ਦੇ ਹਾਈ ਕਮਿਸ਼ਨਰਾਂ ਅਤੇ ਰਾਜਦੂਤਾਂ ਦੇ ਇੱਕ 15 ਮੈਂਬਰੀ ਵਫ਼ਦ ਵੱਲੋਂ ਅੱਜ ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੈਦ, ਨਵੀਂ ਦਿੱਲੀ ਦਾ ਦੌਰਾ ਕੀਤਾ ਗਿਆ ਅਤੇ ਆਯੁਰਵੈਦ ਤੇ ਸਿਹਤ ਦੇਖਭਾਲ ਦੇ ਖੇਤਰ ਵਿੱਚ ਆਯੁਰਵੈਦ ਇੰਸਟੀਚਿਊਟ ਦੀ ਪੜਚੋਲ ਕੀਤੀ ਗਈ। ਆਪਣੇ ਵੀਡੀਓ ਸੰਦੇਸ਼ ਰਾਹੀਂ ਕੈਬਨਿਟ ਮੰਤਰੀ ਸਰਬਾਨੰਦ ਸੋਨੋਵਾਲ ਨੇ ਅਫਰੀਕੀ ਪ੍ਰਤੀਨਿਧੀ ਮੰਡਲ ਦਾ ਸਵਾਗਤ ਕੀਤਾ। ਸ੍ਰੀ ਸੋਨੋਵਾਲ ਨੇ ਭਾਰਤ ਦੀਆਂ ਆਯੁਰਵੈਦ ਅਤੇ ਹੋਰ ਪਰੰਪਰਾਗਤ ਦਵਾਈ ਪ੍ਰਣਾਲੀਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਪਰੰਪਰਾਗਤ ਦਵਾਈ ਨੇ ਹਮੇਸ਼ਾ ਵਿਸ਼ਵ ਸਿਹਤ ਦੇਖਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।’’ ਅਫਰੀਕੀ ਵਫ਼ਦ ਨੇ ਏਆਈਆਈਏ ਹਸਪਤਾਲ, ਓਪੀਡੀ ਆਦਿ ਦਾ ਦੌਰਾ ਵੀ ਕੀਤਾ। ਉਨ੍ਹਾਂ ਨੂੰ ਆਯੁਰਵੈਦ ਦੁਆਰਾ ਪ੍ਰਾਇਮਰੀ ਅਤੇ ਤੀਜੇ ਦਰਜੇ ਦੀ ਸਿਹਤ ਸੰਭਾਲ, ਸਹਾਇਕ ਥੈਰੇਪੀ ਆਦਿ ਵਿੱਚ ਕੀਤੀਆਂ ਤਰੱਕੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਏਆਈਆਈਏ ਦੀ ਆਯੂਸ਼ ਪ੍ਰਣਾਲੀ ਦੇਖੀ ਤੇ ਖੋਜ ਅਕਾਦਮਿਕ ਵਿੰਗ ਦਾ ਦੌਰਾ ਵੀ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਦੀ 2023 ਦੀ ਪ੍ਰਧਾਨਗੀ ਹੇਠ ਜੀ-20 ਬਲਾਕ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਫ਼ਰੀਕੀ ਰਾਸ਼ਟਰ ਭਾਰਤੀ ਰਵਾਇਤੀ ਦਵਾਈਆਂ ਅਤੇ ਸਿਹਤ ਦੇਖਭਾਲ ਦੀਆਂ ਪ੍ਰਣਾਲੀਆਂ ਦੀ ਸ਼ਕਤੀ ਦੀ ਖੋਜ ਕਰਨ ਲਈ ਤਿਆਰ ਹੈ।