ਮੌਸਮ ਵਿਭਾਗ ਦੇ ਯੈਲੋ ਅਲਰਟ ਦੇ ਵਿਚਕਾਰ ਮੰਗਲਵਾਰ ਸ਼ਾਮ ਨੂੰ ਦਿੱਲੀ-ਐੱਨ ਸੀ ਆਰ ਵਿੱਚ ਤੂਫ਼ਾਨ ਅਤੇ ਦਰਮਿਆਨੀ ਤੋਂ ਭਾਰੀ ਬਾਰਸ਼ ਹੋਈ, ਜਿਸ ਕਾਰਨ ਦਿੱਲੀ ਹਵਾਈ ਅੱਡੇ ‘ਤੇ ਉਡਾਣਾਂ ਦੀ ਸਮਾਂ-ਸਾਰਣੀ ਪ੍ਰਭਾਵਿਤ ਹੋਈ। ਦਿੱਲੀ, ਨੋਇਡਾ, ਗੁਰੂਗ੍ਰਾਮ, ਫਰੀਦਾਬਾਦ ਅਤੇ ਨੇੜਲੇ ਖੇਤਰਾਂ ਦੇ ਕੁਝ ਹਿੱਸਿਆਂ ਵਿੱਚ ਬੱਦਲਵਾਈ ਅਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਦਰਜ ਕੀਤਾ ਗਿਆ।
ਮੌਸਮ ਵਿੱਚ ਅਚਾਨਕ ਤਬਦੀਲੀ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਜਿਸ ਨਾਲ ਹਾਲ ਹੀ ਵਿੱਚ ਸ਼ੁਰੂ ਹੋਈ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ ਮੀਂਹ ਨੇ ਕੁਝ ਨੀਵੇਂ ਇਲਾਕਿਆਂ ਵਿੱਚ ਖਾਸ ਕਰਕੇ ਨੋਇਡਾ ਵਿੱਚ, ਡਰੇਨੇਜ ਦੀ ਮਾੜੀ ਹਾਲਤ ਨੂੰ ਵੀ ਉਜਾਗਰ ਕੀਤਾ, ਜਿੱਥੇ ਗਲੀਆਂ ਪਾਣੀ ਨਾਲ ਭਰੀਆਂ ਹੋਈਆਂ ਸਨ, ਜਿਸ ਕਾਰਨ ਪੀਕ ਘੰਟਿਆਂ ਦੌਰਾਨ ਵਾਹਨਾਂ ਦੀ ਆਵਾਜਾਈ ਹੌਲੀ ਹੋ ਗਈ ਸੀ। ਮੌਸਮ ਵਿਭਾਗ ਨੇ ਦਿੱਲੀ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਅਗਲੇ ਦੋ ਦਿਨਾਂ ਵਿੱਚ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਦਿੱਤੀ ਹੈ। ਹਵਾ ਦੀ ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਉਮੀਦ ਹੈ ਜਿਸ ਨਾਲ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਮਾਮੂਲੀ ਵਿਘਨ ਪੈ ਸਕਦਾ ਹੈ। ਖੇਤੀ ਖੇਤਰ ਵਿੱਚ ਕਾਫ਼ੀ ਹੋਇਆ ਹੈ ਕਿਸਾਨਾਂ ਦੀ ਪੱਕੀ ਹੋਈ ਕਣਕ ਵਿਛ ਗਈ ਹੈ ਅਤੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ। ਸਬਜ਼ੀਆਂ ਅਤੇ ਫੁੱਲਾਂ ਉੱਪਰ ਵੀ ਮੀਂਹ ਦੀ ਮਾਰ ਪਈ ਹੈ।
ਇੰਡੀਗੋ ਨੇ ਦਿੱਲੀ-ਐੱਨ ਸੀ ਆਰ ਵਿੱਚ ਬਦਲਦੇ ਮੌਸਮ ਦੇ ਹਾਲਾਤ ਦੇ ਮੱਦੇਨਜ਼ਰ ਯਾਤਰੀਆਂ ਲਈ ਇੱਕ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ, ਜਿਸ ਵਿੱਚ ਬਾਰਸ਼, ਤੂਫ਼ਾਨ ਅਤੇ ਤੇਜ਼ ਹਵਾਵਾਂ ਕਾਰਨ ਉਡਾਣ ਦੇ ਸੰਚਾਲਨ ਵਿੱਚ ਸੰਭਾਵਿਤ ਵਿਘਨ ਦੀ ਚਿਤਾਵਨੀ ਦਿੱਤੀ ਗਈ।

