ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਸਤੰਬਰ
ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਆਸ਼ਾ ਵਰਕਰਾਂ ਵੱਲੋਂ ਕੌਮੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਵੱਲ ਥਾਲੀਆਂ ਖੜਕਾ ਕੇ ਮਾਰਚ ਕੀਤਾ ਗਿਆ ਤੇ ਕੇਜਰੀਵਾਲ ਤੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦਿਵਾਉਨ ਲਈ ਨਾਅਰੇਬਾਜ਼ੀ ਕੀਤੀ ਗਈ। ਦਿੱਲੀ ਆਸ਼ਾ ਵਰਕਰਾਂ ਦੀ ਯੂਨੀਅਨ ਦੇ ਸੱਦੇ ’ਤੇ ਆਸ਼ਾ ਵਰਕਰਾਂ ਦਾ ਇਹ ਸੰਘਰਸ਼ 16ਵੇਂ ਦਨਿ ਵਿੱਚ ਸ਼ਾਮਲ ਹੋ ਗਿਆ। ਆਸ਼ਾ ਵਰਕਰਾਂ ਉਤਸ਼ਾਹ ਰਾਸ਼ੀ ਦੀ ਥਾਂ ਤਨਖ਼ਾਹ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਦਿੱਲੀ ਸਰਕਾਰ ਤੋਂ ਆਸ਼ਾ ਵਰਕਰਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਮੰਗ ਵੀ ਕੀਤੀ ਗਈ। ਵਰਕਰਾਂ ਵੱਲੋਂ 28 ਤੇ 29 ਅਗਸਤ ਨੂੰ ਵਿਕਾਸ ਭਵਨ ਕੋਲ ਧਰਨਾ ਵੀ ਦਿੱਤਾ ਸੀ ਤੇ ਆਪਣੇ ਦੁੱਖੜੇ ਰੋਏ ਸਨ। ਪ੍ਰਦਰਸ਼ਨਕਾਰੀ ਔਰਤਾਂ ਨੇ ਦੱਸਿਆ ਕਿ ਮਹਿੰਗਾਈ ਕਾਰਨ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਜਲਾਉਣੇ ਵੀ ਔਖੇ ਹੋ ਗਏ ਹਨ ਇਸ ਕਰਕੇ ਉਨ੍ਹਾਂ ਅੱਜ ਥਾਲੀਆਂ ਖੜਕਾ ਕੇ ਕੇਜਰੀਵਾਲ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਚੰਦਗੀ ਰਾਮ ਅਖਾੜੇ ਤੋਂ ਕੇਜਰੀਵਾਲ ਦੀ ਰਿਹਾਇਸ਼ ਵੱਲ ਵਧੀਆਂ ਤਾਂ ਉਨ੍ਹਾਂ ਡੀਆਰਡੀਓ ਦੇ ਦਫ਼ਤਰ ਮੂਹਰੇ ਦਿੱਲੀ ਪੁਲੀਸ ਵੱਲੋਂ ਰੋਕ ਦਿੱਤਾ ਗਿਆ।
ਐੱਮਸੀਡੀ ਦੇ ਸਿੱਖਿਆ ਮਹਿਕਮੇ ਦੇ ਚੌਥਾ ਦਰਜਾ ਵਰਕਰਾਂ ਵੱਲੋਂ ਪ੍ਰਦਰਸ਼ਨ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਨਗਰ ਨਿਗਮ ਦੇ ਸਿੱਖਿਆ ਮਹਿਕਮੇ ਵਿੱਚ ਨੌਕਰੀ ਕਰਦੇ ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਸਵਿਕ ਸੈਂਟਰ (ਐੱਮਸੀਡੀ ਹੈੱਡਕੁਆਰਟਰ) ਨੇੜੇ ਆਪਣੀਆਂ ਮੰਗਾਂ ਲਈ ਧਰਨਾ ਦਿੱਤਾ ਗਿਆ। ਉਨ੍ਹਾਂ ਅੱਜ ਕੰਮ ਬੰਦ ਕਰ ਦਿੱਤਾ ਤੇ ਹੜਤਾਲ ਉਪਰ ਜਾਣ ਦਾ ਇਸ਼ਾਰਾ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਈਐੱਸਆਈ ਦੇ ਕਾਰਡ ਦੇਣ ਦੇ ਮਾਮਲੇ ਵਿੱਚ ਓਹਲੇ ਵਿੱਚ ਰੱਖਿਆ ਗਿਆ ਹੈ। ਇਸ ਧਰਨੇ ਨੂੰ ਭਾਜਪਾ ਦੇ ਦਿੱਲੀ ਨਗਰ ਨਿਗਮ ਦੇ ਆਗੂਆਂ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ। ਸਾਬਕਾ ਮੇਅਰ ਤੇ ਨਿਗਮ ਵਿੱਚ ਵਿਰੋਧੀ ਆਗੂ ਰਾਜਾ ਇਕਬਾਲ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਹੋਣ ਦਾ ਦੋਸ਼ ਲਾਇਆ।
ਸਰਵ ਕਰਮਚਾਰੀ ਸੰਘ ਹਰਿਆਣਾ ਵੱਲੋਂ ਆਸ਼ਾ ਵਰਕਰਾਂ ਦੀ ਹੜਤਾਲ ਦੀ ਹਮਾਇਤ
ਯਮੁਨਾਨਗਰ (ਪੱਤਰ ਪ੍ਰੇਰਕ): ਆਸ਼ਾ ਵਰਕਰਜ਼ ਯੂਨੀਅਨ ਹਰਿਆਣਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 8 ਅਗਸਤ ਤੋਂ ਸੂਬੇ ਭਰ ’ਚ ਕੀਤੀ ਜਾ ਰਹੀ ਲਗਾਤਾਰ ਹੜਤਾਲ ਦੇ ਸਮਰਥਨ ’ਚ ਸਰਵ ਕਰਮਚਾਰੀ ਸੰਘ ਹਰਿਆਣਾ ਨੇ ਪੰਚਾਇਤ ਭਵਨ ਦੇ ਸਾਹਮਣੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਅਤੇ ਜਲੂਸ ਦੇ ਰੂਪ ਵਿੱਚ ਅਨਾਜ ਮੰਡੀ ਵਿੱਚ ਪਹੁੰਚ ਕੇ ਆਸ਼ਾ ਵਰਕਰਾਂ ਦੀ ਹੜਤਾਲ ਦੀ ਹਮਾਇਤ ਕੀਤੀ ਅਤੇ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਅਤੇ ਆਸ਼ਾ ਵਰਕਰਾਂ ਨੇ ਧਰਨੇ ਵਾਲੀ ਥਾਂ ਤੋਂ ਇਕੱਠੇ ਹੋ ਕੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਪਹੁੰਚ ਕੇ ਡਿਪਟੀ ਕਮਿਸ਼ਨਰ ਕੈਪਟਨ ਮਨੋਜ ਕੁਮਾਰ ਨੂੰ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਹਰਿਆਣਾ ਸਰਕਾਰ ਚੰਡੀਗੜ੍ਹ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੋਡੇ ਨੇ ਕੀਤੀ ਅਤੇ ਮੰਚ ਸੰਚਾਲਨ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਕੀਤਾ। ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਉਪ ਪ੍ਰਧਾਨ ਪ੍ਰਵੇਸ਼ ਪਰੋਚਾ, ਗੋਕੁਲ ਪ੍ਰਸਾਦ, ਕ੍ਰਿਸ਼ਨਾ ਸੈਣੀ ਅਤੇ ਸੇਵਾਮੁਕਤ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਜੋਤ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਆਸ਼ਾ ਵਰਕਰਾਂ ਪਿਛਲੇ 39 ਦਿਨਾਂ ਤੋਂ ਲਗਾਤਾਰ ਹੜਤਾਲ ’ਤੇ ਹਨ ਅਤੇ ਉਹ ਸ਼ਹਿਰਾਂ ਅਤੇ ਕਸਬਿਆਂ ਵਿੱਚ ਧਰਨੇ-ਪ੍ਰਦਰਸ਼ਨਾਂ ਰਾਹੀਂ ਆਪਣੀਆਂ ਮੰਗਾਂ ਨੂੰ ਉਠਾ ਰਹੀਆਂ ਹਨ ਪਰ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਨਹੀਂ ਕਰ ਰਹੀ। ਸੂਬੇ ਦੀਆਂ ਆਸ਼ਾ ਵਰਕਰਾਂ ਬਹੁਤ ਘੱਟ ਮਾਣ ਭੱਤੇ ‘ਤੇ ਕੰਮ ਕਰਦੀਆਂ ਹਨ ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਰਿਹਾ ਹੈ। ਨਗਰ ਨਿਗਮ, ਹੁੱਡਾ, ਬਿਜਲੀ, ਸਿਹਤ, ਲੋਕ ਨਿਰਮਾਣ ਵਿਭਾਗ, ਪਬਲਿਕ ਹੈਲਥ, ਹਰਿਆਣਾ ਰੋਡਵੇਜ਼ ਕਰਮਚਾਰੀ ਯੂਨੀਅਨ ਅਤੇ ਸਰਵ ਕਰਮਚਾਰੀ ਸੰਘ ਨਾਲ ਸਬੰਧਤ ਫਾਇਰ ਬ੍ਰਿਗੇਡ ਵਿਭਾਗ ਯੂਨੀਅਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਆਪਣੇ ਬੇਟੀ ਬਚਾਓ ਬੇਟੀ, ਪੜ੍ਹਾਓ ਦੇ ਨਾਅਰੇ ਨੂੰ ਸਾਰਥਕ ਬਣਾਏ ਕਿਉਂਕਿ ਸਾਰੀਆਂ ਆਸ਼ਾ ਵਰਕਰਾਂ ਔਰਤਾਂ ਹਨ ਜਨਿ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ।