ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਮਈ
ਆਕਸੀਜਨ ਸਿਲੰਡਰ ਦੇਣ ਦੇ ਨਾਮ ’ਤੇ ਧੋਖਾਧੜੀ ਦੇ ਕੇਸ ਵਿੱਚ ਮੋਹਨ ਗਾਰਡਨ ਥਾਣੇ ਨੇ ਮੁਲਜ਼ਮ ਰਣਵਿਜੈ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਪੰਜਾਬ ਦੇ ਡੇਰਾਬਾਸੀ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ 27 ਹਜ਼ਾਰ ਪੰਜ ਸੌ ਰੁਪਏ ਬਰਾਮਦ ਕੀਤੇ ਗਏ ਹਨ। ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਿਆ ਕਿ ਉਸ ਨੇ ਹੁਣ ਤੱਕ ਦਸ ਲੋਕਾਂ ਨਾਲ ਠੱਗੀ ਕੀਤੀ ਸੀ। ਪੁਲੀਸ ਉਨ੍ਹਾਂ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੁਆਰਕਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਪੁਲੀਸ ਸੰਤੋਸ਼ ਕੁਮਾਰ ਮੀਨਾ ਨੇ ਦੱਸਿਆ ਕਿ ਨਵਾਦਾ ਹਾਊਸਿੰਗ ਕੰਪਲੈਕਸ ਦੀ ਵਸਨੀਕ ਰਿਧੀ ਵਰਮਾ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਆਕਸੀਜਨ ਸਿਲੰਡਰ ਦੇਣ ਦੇ ਨਾਮ ’ਤੇ ਇਕ ਵਿਅਕਤੀ ਨੇ 15000 ਰੁਪਏ ਦੀ ਧੋਖਾਧੜੀ ਕੀਤੀ ਹੈ।