ਦਿੱਲੀ ਦੇ ਤੁਰਕਮਾਨ ਗੇਟ ਇਲਾਕੇ ਵਿੱਚ ਫੈਜ਼-ਏ-ਇਲਾਹੀ ਮਸਜਿਦ ਨੇੜੇ ਪਥਰਾਅ ਦੀ ਘਟਨਾ ਮਗਰੋਂ ਪੁਲੀਸ ਦੀ ਕਾਰਵਾਈ ਲਗਾਤਾਰ ਜਾਰੀ ਹੈ। ਪੁਲੀਸ ਨੇ ਸ਼ੁੱਕਰਵਾਰ ਨੂੰ ਇੱਕ ਹੋਰ ਮੁਲਜ਼ਮ ਮੁਹੰਮਦ ਇਮਰਾਨ (36) ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਇਸ ਮਾਮਲੇ ਵਿੱਚ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 12 ਹੋ ਗਈ ਹੈ। ਜੁੰਮੇ ਦੀ ਨਮਾਜ਼ ਦੇ ਮੱਦੇਨਜ਼ਰ ਇਲਾਕੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਸੰਵੇਦਨਸ਼ੀਲ ਇਲਾਕਿਆਂ ਵਿੱਚ ਭਾਰੀ ਪੁਲੀਸ ਫੋਰਸ ਅਤੇ ਨੀਮ ਫ਼ੌਜੀ ਦਸਤੇ ਤਾਇਨਾਤ ਰਹੇ ਅਤੇ ਡਰੋਨ ਰਾਹੀਂ ਨਿਗਰਾਨੀ ਰੱਖੀ ਗਈ।
ਵਧੀਕ ਪੁਲੀਸ ਕਮਿਸ਼ਨਰ (ਕੇਂਦਰੀ) ਨਿਧਿਨ ਵਾਲਸਨ ਨੇ ਦੱਸਿਆ ਕਿ ਜੁੰਮੇ ਦੀ ਨਮਾਜ਼ ਲਈ ਕਿਸੇ ਵੀ ਮਸਜਿਦ ਵਿੱਚ ਕੋਈ ਰੋਕ ਨਹੀਂ ਲਾਈ ਗਈ ਸੀ। ਹਾਲਾਂਕਿ, ਸੁਰੱਖਿਆ ਦੇ ਲਿਹਾਜ਼ ਨਾਲ ਇਲਾਕੇ ਵਿੱਚ ਨਾਕੇ ਲਾਏ ਗਏ ਸਨ ਅਤੇ ਸੀ ਸੀ ਟੀ ਵੀ ਕੈਮਰਿਆਂ ਰਾਹੀਂ ਬਾਜ਼ ਅੱਖ ਰੱਖੀ ਗਈ। ਪੁਲੀਸ ਨੇ ਸਪੱਸ਼ਟ ਕੀਤਾ ਕਿ ਇਹ ਪ੍ਰਬੰਧ ਸਿਰਫ਼ ਸਾਵਧਾਨੀ ਵਜੋਂ ਸਨ ਅਤੇ ਸ਼ਰਧਾਲੂਆਂ ਨੂੰ ਨਮਾਜ਼ ਅਦਾ ਕਰਨ ਵਿੱਚ ਕੋਈ ਰੁਕਾਵਟ ਨਹੀਂ ਆਈ। ਦੂਜੇ ਪਾਸੇ, ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਹਾਲਾਤ ਜਲਦੀ ਆਮ ਕੀਤੇ ਜਾਣ ਕਿਉਂਕਿ ਦੁਕਾਨਾਂ ਬੰਦ ਰਹਿਣ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਇੱਕ ਦਸਤਕਾਰੀ ਵਪਾਰੀ ਸ਼ਹਿਨਾਜ਼ (43) ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਦੀ ਗਲਤੀ ਦੀ ਸਜ਼ਾ ਪੂਰੇ ਇਲਾਕੇ ਨੂੰ ਭੁਗਤਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਹੌਲ ਵਿੱਚ ਡਰ ਹੋਣ ਕਾਰਨ ਲੋਕਾਂ ਨੇ ਘਰਾਂ ਦੇ ਨੇੜਲੇ ਮਸਜਿਦਾਂ ਵਿੱਚ ਹੀ ਨਮਾਜ਼ ਅਦਾ ਕਰਨ ਨੂੰ ਤਰਜੀਹ ਦਿੱਤੀ। ਜਾਂਚ ਦਾ ਦਾਇਰਾ ਵਧਾਉਂਦਿਆਂ ਪੁਲੀਸ ਨੇ 10 ਸੋਸ਼ਲ ਮੀਡੀਆ ਇਨਫਲੂਐਂਸਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ’ਤੇ ਭੜਕਾਊ ਜਾਣਕਾਰੀ ਫੈਲਾਉਣ ਦੇ ਦੋਸ਼ ਹਨ। -ਪੀਟੀਆਈ

