ਅੰਬੇਡਕਰ ਦੀ ਵਿਰਾਸਤ ਨੇ ਇਰਾਦੇ ਮਜ਼ਬੂਤ ਕੀਤੇ: ਰਾਹੁਲ
ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਾਂ ਵੱਲੋਂ ਵੀ ਅੰਬੇਡਕਰ ਨੂੰ 69ਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ
ਕਾਂਗਰਸ ਨੇ ਅੱਜ ਡਾ. ਬੀ ਆਰ ਅੰਬੇਡਕਰ ਨੂੰ ਉਨ੍ਹਾਂ ਦੀ 69ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਬਰਾਬਰੀ, ਨਿਆਂ ਅਤੇ ਮਨੁੱਖੀ ਸਨਮਾਨ ਲਈ ਉਨ੍ਹਾਂ ਦੀ ਵਿਰਾਸਤ ‘ਸੰਵਿਧਾਨ ਦੀ ਰਾਖੀ ਲਈ ਮੇਰੇ ਇਰਾਦੇ’ ਨੂੰ ਮਜ਼ਬੂਤ ਕਰਦੀ ਹੈ।
ਸ੍ਰੀ ਗਾਂਧੀ ਨੇ ਸੰਸਦੀ ਕੰਪਲੈਕਸ ਦੇ ਪ੍ਰੇਰਨਾ ਸਥਲ ’ਤੇ ਅੰਬੇਡਕਰ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਅੰਬੇਡਕਰ ਜੀ ਆਦਰਸ਼ ਸਨ। ਉਨ੍ਹਾਂ ਸਾਰੇ ਦੇਸ਼ ਨੂੰ ਰਾਹ ਦਿਖਾਇਆ, ਉਨ੍ਹਾਂ ਸਾਨੂੰ ਸੰਵਿਧਾਨ ਦਿੱਤਾ। ਇਸ ਲਈ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਵਿਚਾਰਾਂ ਤੇ ਸੰਵਿਧਾਨ ਦੀ ਰਾਖੀ ਕਰਨੀ ਚਾਹੀਦੀ ਹੈ।’’ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੱਜ ਪਹਿਲਾਂ ਨਾਲੋਂ ਵੀ ਕਿਤੇ ਵੱਧ ‘‘ਅਸੀਂ ਉਨ੍ਹਾਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ, ਸੰਭਾਲਣ ਤੇ ਉਨ੍ਹਾਂ ਦੀ ਰਾਖੀ ਦਾ ਸੱਦਾ ਦਿੰਦੇ ਹਾਂ ਜਿਨ੍ਹਾਂ ਲਈ ਉਹ ਜਿਊਂਦੇ ਰਹੇ ਅਤੇ ਦੇਸ਼ ਨੂੰ ਉਸ ਦਾ ਸਭ ਤੋਂ ਵੱਡਾ ਤੋਹਫ਼ਾ ਭਾਰਤ ਦਾ ਸੰਵਿਧਾਨ ਦਿੱਤਾ।’’ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ, ਕੇ ਸੀ ਵੇਣੂਗੋਪਾਲ ਨੇ ਵੀ ਬੀ ਆਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਤਰ੍ਹਾਂ ਰਾਸ਼ਟਰਪਤੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਈ ਹੋਰ ਆਗੂਆਂ ਨੇ ਸੰਸਦੀ ਕੰਪਲੈਕਸ ਪਹੁੰਚ ਕੇ ਬੀ ਆਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਦੂਜੇ ਪਾਸੇ, ਮੁੰਬਈ ਦੇ ਦਾਦਰ ਇਲਾਕੇ ’ਚ ਡਾ. ਅੰਬੇਡਕਰ ਦੀ ਯਾਦਗਾਰ ’ਤੇ ਵੱਡੀ ਗਿਣਤੀ ਲੋਕਾਂ ਨੇ ਸ਼ਰਧਾ ਦੇ ਫੁੱਲ ਚੜ੍ਹਾਏ।
ਮਕਰਨਪੁਰ ਪਿੰਡ ’ਚੋਂ ਉੱਠਿਆ ਸੀ ‘ਜੈ ਭੀਮ’ ਦਾ ਨਾਅਰਾ
ਛਤਰਪਤੀ ਸੰਭਾਜੀਨਗਰ: ਡਾ. ਭੀਮਰਾਓ ਰਾਮਜੀ ਅੰਬੇਡਕਰ ਪ੍ਰਤੀ ਸਨਮਾਨ ਪ੍ਰਗਟਾਉਂਦਾ ਅਤੇ ਭਾਰਤ ਦੇ ਦਲਿਤ ਭਾਈਚਾਰੇ ਦੀ ਜਾਗ੍ਰਿਤੀ ਤੇ ਸ਼ਕਤੀਕਰਨ ਦਾ ਪ੍ਰਤੀਕ ਬਣ ਚੁੱਕਾ ‘ਜੈ ਭੀਮ’ ਦਾ ਨਾਅਰਾ ਸਭ ਤੋਂ ਪਹਿਲਾਂ ਮਹਾਰਾਸ਼ਟਰ ਦੇ ਅਜੋਕੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਦੀ ਕੰਨੜ ਤਹਿਸੀਲ ਦੇ ਮਕਰਨਪੁਰ ਪਿੰਡ ’ਚ ‘ਮਕਰਨਪੁਰ ਪਰਿਸ਼ਦ’ ਵਿੱਚ ਲਾਇਆ ਗਿਆ ਸੀ। ਮਰਾਠਵਾੜਾ ਦੀ ਅਨੁਸੂਚਿਤ ਜਾਤੀ ਫੈਡਰੇਸ਼ਨ ਦੇ ਪਹਿਲੇ ਪ੍ਰਧਾਨ ਭਾਊਸਾਹਿਬ ਮੋਰੇ ਨੇ 30 ਦਸੰਬਰ 1938 ਨੂੰ ਪਹਿਲੀ ਮਕਰਨਪੁਰ ਪਰਿਸ਼ਦ ਕਰਵਾਈ ਸੀ। ਭਾਊਸਾਹਿਬ ਮੋਰੇ ਦੇ ਪੋਤੇ ਤੇ ਸਹਾਇਕ ਪੁਲੀਸ ਕਮਿਸ਼ਨਰ ਪ੍ਰਵੀਨ ਮੋਰੇ ਨੇ ਦੱਸਿਆ ਕਿ ਇਸ ਸੰਮੇਲਨ ’ਚ ਡਾ. ਅੰਬੇਡਕਰ ਨੇ ਲੋਕਾਂ ਨੂੰ ਹੈਦਰਾਬਾਦ ਰਿਆਸਤ ਦੀ ਹਮਾਇਤ ਨਾ ਕਰਨ ਦਾ ਸੱਦਾ ਦਿੱਤਾ ਸੀ। ਉਨ੍ਹਾਂ ਦੱਸਿਆ, ‘‘ਭਾਊਸਾਹਿਬ ਨੇ ਕਿਹਾ ਕਿ ਹਰ ਭਾਈਚਾਰੇ ਦਾ ਆਪਣਾ ਦੇਵਤਾ ਹੁੰਦਾ ਤੇ ਉਹ ਇੱਕ-ਦੂਜੇ ਨੂੰ ਮਿਲਦੇ ਸਮੇਂ ਉਸੇ ਦੇਵਤੇ ਦਾ ਨਾਂ ਲੈਂਦੇ ਹਨ। ਇਸ ਲਈ ਹੁਣ ਤੋਂ ਸਾਨੂੰ ਇਕ-ਦੂਜੇ ਨੂੰ ਮਿਲਦੇ ਸਮੇਂ ‘ਜੈ ਭੀਮ’ ਕਹਿਣਾ ਚਾਹੀਦਾ ਹੈ। ਲੋਕਾਂ ਨੇ ਇਸ ਪ੍ਰਤੀ ਪੂਰਾ ਉਤਸ਼ਾਹ ਦਿਖਾਇਆ।’’
ਸੰਵਿਧਾਨ ਨਹੀਂ ਕਾਂਗਰਸ ਖਤਰੇ ਵਿੱਚ: ਅਠਾਵਲੇ
ਨਵੀਂ ਦਿੱਲੀ: ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ‘ਸੰਵਿਧਾਨ ਖਤਰੇ ਵਿੱਚ’ ਦੇ ਬਿਆਨ ਨੂੰ ਬੇਬੁਨਿਆਦ ਦਸਦਿਆਂ ਜਵਾਬ ਦਿੱਤਾ, ‘‘ਸੰਵਿਧਾਨ ਖਤਰੇ ਵਿੱਚ ਨਹੀਂ ਹੈ, ਸਗੋਂ ਕਾਂਗਰਸ ਪਾਰਟੀ ਖਤਰੇ ਵਿੱਚ ਹੈ। ਮੈਨੂੰ ਨਹੀਂ ਲਗਦਾ ਕਿ ਸਾਡੇ ਸੰਵਿਧਾਨ ਨੂੰ ਕੋਈ ਖਤਰਾ ਹੈ। ਅਸਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਸ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।’’ ਜਨਤਾ ਦਲ (ਯੂ) ਦੇ ਸੰਸਦ ਮੈਂਬਰ ਸੰਜੈ ਝਾਅ ਨੇ ਕਿਹਾ ਕਿ ਸੰਵਿਧਾਨ ਸਿਰਫ਼ ਇੱਕ ਵਾਰ ਖ਼ਤਰੇ ਹੇਠ ਆਇਆ ਸੀ ਜਦੋਂ ਕਾਂਗਰਸ ਦੇ ਕਾਰਜਕਾਲ ’ਚ ਐਮਰਜੈਂਸੀ ਲਾਈ ਗਈ ਸੀ। -ਏਐੱਨਆਈ

