ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵੱਲੋਂ ਕਾਲਕਾ ਜੀ ਵਿੱਚ ਪੰਥਕ ਇਕੱਤਰਤਾ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਸੰਗਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਟੀਮ ਵੱਲੋਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਲਈ ਉਨ੍ਹਾਂ ਦੀ ਪਿੱਠ ਥਾਪੜੀ ਅਤੇ ਨਾਲ ਹੀ ਭਵਿੱਖ ਵਿਚ ਵੀ ਡਟਵੀਂ ਹਮਾਇਤ ਦਾ ਭਰੋਸਾ ਦਿੱਤਾ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅਪੀਲ ਕੀਤੀ ਕਿ ਸੰਗਤ ਸਿਰਫ਼ ਕਾਲਕਾ ਜੀ ਹੀ ਨਹੀਂ ਬਲਕਿ ਦਿੱਲੀ ਦੇ ਸਮੁੱਚੇ ਵਾਰਡਾਂ ਵਿਚ ਪਾਰਟੀ ਦੀ ਡਟਵੀਂ ਹਮਾਇਤ ਕਰਨ ਤਾਂ ਜੋ ਮੌਜੂਦਾ ਟੀਮ ਸੰਗਤ ਦੀ ਹੋਰ ਵੱਧ ਚੜ੍ਹ ਕੇ ਸੇਵਾ ਕਰ ਸਕੇ। ਇਸ ਦੌਰਾਨ ਉਨ੍ਹਾਂ ਲਗਪਗ ਸਾਢੇ ਚਾਰ ਸਾਲਾਂ ਵਿਚ ਕਮੇਟੀ ਦੀ ਮੌਜੂਦਾ ਟੀਮ ਵੱਲੋਂ ਸੰਗਤ ਦੀ ਸੇਵਾ ਵਾਸਤੇ ਕੀਤੇ ਕਾਰਜਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ ਸਾਲ 2021 ਵਿਚ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜੀਆਂ ਗਈਆਂ। ਇਨ੍ਹਾਂ ਚੋਣਾਂ ਤੋਂ ਪਹਿਲਾਂ ਕਿਵੇਂ ਮੌਜੂਦਾ ਟੀਮ ਨੇ ਕਰੋਨਾ ਕਾਲ ਵਿਚ ਰੋਜ਼ਾਨਾ ਜਿਥੇ 2 ਲੱਖ ਲੋਕਾਂ ਨੂੰ ਲੰਗਰ ਛਕਾਇਆ, ਉਥੇ ਹੀ ਕਰੋਨਾ ਕਾਲ ਵਿਚ ਕੰਮ ਕਰਦੀਆਂ ਨਰਸਾਂ, ਡਾਕਟਰਾਂ ਤੇ ਹੋਰ ਪੈਰਾ ਮੈਡੀਕਲ ਸਟਾਫ ਨੂੰ ਰਹਿਣ ਵਾਸਤੇ ਸਹੂਲਤਾਂ ਦਿੱਤੀਆਂ ਤੇ ਦਿੱਲੀ ਵਿਚ ਕਰੋਨਾ ਤੋਂ ਪੀੜਤ ਪਰਿਵਾਰਾਂ ਦੀ ਸੇਵਾ ਕੀਤੀ। ਉਨ੍ਹਾਂ ਦੱਸਿਆ ਕਿ ਮਨੁੱਖਤਾ ਦੀ ਇਸ ਸੇਵਾ ਨੂੰ ਵੇਖਦਿਆਂ ਹੀ ਸੰਗਤ ਨੇ ਮੌਜੂਦਾ ਟੀਮ ਨੂੰ ਵੱਡਾ ਫਤਵਾ ਦਿੱਤਾ ਤੇ 30 ਸੀਟਾਂ ’ਤੇ ਪਾਰਟੀ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਕਿਹੜੇ ਹਾਲਾਤ ਵਿਚ ਬਰਗਾੜੀ, ਬਹਿਬਲ ਕਲਾਂ ਤੇ ਹੋਰ ਮਾਮਲਿਆਂ ਲਈ ਜ਼ਿੰਮੇਵਾਰ ਲੀਡਰਸ਼ਿਪ ਨੇ ਉਨ੍ਹਾਂ ’ਤੇ ਦਬਾਅ ਬਣਾਇਆ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੀ ਸਥਾਪਨਾ ਕੀਤੀ ਜਿਸ ਦਾ ਮਕਸਦ 1920 ਦੇ ਸਿਧਾਂਤਾਂ ’ਤੇ ਚੱਲਦਿਆਂ 2026 ਦੀ ਦੂਰਅੰਦੇਸ਼ੀ ਸੋਚ ਮੁਤਾਬਕ ਕੰਮ ਕਰਨਾ ਹੈ। ਕੇਂਦਰ ਸਰਕਾਰ ਨਾਲ ਮਿਲ ਕੇ 100 ਕਰੋੜ ਰੁਪਏ ਨਾਲ ਸਕਿੱਲ ਡਵੈਲਪਮੈਂਟ ਸੈਂਟਰ ਸਥਾਪਤ ਕਰ ਕੇ ਨੌਜਵਾਨਾਂ ਨੂੰ ਸਿਖਲਾਈ ਦੇਣੀ ਵੀ ਇਕ ਬਹੁਤ ਵੱਡੀ ਪ੍ਰਾਪਤੀ ਹੈ।
ਸਥਾਪਨ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ
ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਕੌਮੀ ਆਗੂ ਹਰਮੀਤ ਸਿੰਘ ਕਾਲਕਾ ਨੇ 28 ਜੁਲਾਈ ਨੂੰ ਤਾਲਕਟੋਰਾ ਸਟੇਡੀਅਮ ਵਿੱਚ ਮਨਾਏ ਜਾ ਰਹੇ ਪਾਰਟੀ ਦੇ 5ਵੇਂ ਸਥਾਪਨਾ ਦਿਵਸ ਸਮਾਗਮ ਬਾਰੇ ਚਰਚਾ ਕੀਤੀ। ਮੀਟਿੰਗ ਵਿੱਚ ਦਿਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਮੈਂਬਰ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਦਾ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਾਈਆਂ।
