Airfare Price Hike: ਦੇਸ਼ ਵਿੱਚ ਪਿਛਲੇ ਇਕ ਸਾਲ ’ਚ ਹਵਾਈ ਕਿਰਾਏ 20.5 ਫ਼ੀਸਦੀ ਵਧੇ
India Airfares Rise: ਸਰਕਾਰ ਦਾ ਕੰਟਰੋਲ ਨਹੀਂ, ਏਅਰਲਾਈਨਜ਼ ਖੁਦ ਤੈਅ ਕਰਦੀਆਂ ਹਨ ਕਿਰਾਏ: ਕੇਂਦਰੀ ਮੰਤਰੀ
ਸਰਕਾਰ ਨੇ ਸੋਮਵਾਰ ਨੂੰ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ ਦੇਸ਼ ਵਿੱਚ ਹਵਾਈ ਕਿਰਾਏ ਲਗਾਤਾਰ ਵੱਧ ਰਹੇ ਹਨ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹਲ ਨੇ ਡੀ.ਜੀ.ਸੀ.ਏ. (DGCA) ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਜੂਨ 2026 ਦੌਰਾਨ ਮਈ 2025 ਦੇ ਮੁਕਾਬਲੇ 72 ਘਰੇਲੂ ਰੂਟਾਂ 'ਤੇ ਔਸਤਨ ਹਵਾਈ ਕਿਰਾਏ ਵਿੱਚ 20.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਮੰਤਰਾਲੇ ਵੱਲੋਂ ਉਨ੍ਹਾਂ 72 ਰੂਟਾਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਮੰਤਰੀ ਨੇ ਸਪੱਸ਼ਟ ਕੀਤਾ ਕਿ ਏਸ਼ੀਆ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਹਵਾਬਾਜ਼ੀ ਟਰਬਾਈਨ ਫਿਊਲ (ATF) ਦੀਆਂ ਕੀਮਤਾਂ, ਵਿਦੇਸ਼ੀ ਮੁਦਰਾ ਦਰਾਂ, ਵੈਟ (VAT) ਅਤੇ ਲੀਜ਼ ਕਿਰਾਏ ਵਰਗੇ ਕਈ ਕਾਰਕਾਂ ਕਰਕੇ ਏਜੰਸੀਆਂ ਦਾ ਖਰਚਾ ਵਧ ਰਿਹਾ ਹੈ। ਕਿਸੇ ਵੀ ਏਅਰਲਾਈਨ ਦੇ ਕੁੱਲ ਖਰਚੇ ਵਿੱਚ ਇਕੱਲੇ ਏ.ਟੀ.ਐੱਫ. (ATF) ਦਾ ਹਿੱਸਾ 35 ਤੋਂ 40 ਫ਼ੀਸਦੀ ਤੱਕ ਹੁੰਦਾ ਹੈ।
ਰਾਜ ਸਭਾ ਵਿੱਚ ਦਿੱਤੇ ਗਏ ਇਸ ਜਵਾਬ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਭਾਰਤ ਵਿੱਚ ਹਵਾਈ ਕਿਰਾਏ ਸਰਕਾਰ ਵੱਲੋਂ ਕੰਟਰੋਲ ਜਾਂ ਨਿਯੰਤ੍ਰਿਤ ਨਹੀਂ ਕੀਤੇ ਜਾਂਦੇ।
ਸਰਕਾਰ ਦੇ ਨਿਯਮਾਂ ਮੁਤਾਬਕ ਹਰ ਇੱਕ ਹਵਾਈ ਸੇਵਾ ਕੰਪਨੀ ਸੰਚਾਲਨ ਲਾਗਤ, ਸੇਵਾ ਦੀ ਗੁਣਵੱਤਾ ਅਤੇ ਉਚਿਤ ਮੁਨਾਫ਼ੇ ਵਰਗੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਕਿਰਾਇਆ ਖੁਦ ਤੈਅ ਕਰਦੀ ਹੈ। ਹਾਲਾਂਕਿ, ਇਹਨਾਂ ਰੇਟਾਂ ਨੂੰ ਤੈਅ ਕਰਨ ਵੇਲੇ ਏਅਰਲਾਈਨਜ਼ ਨੂੰ ਏਅਰਕ੍ਰਾਫਟ ਰੂਲਜ਼ 1937 ਦੇ ਨਿਯਮ 135 ਦੀ ਪਾਲਣਾ ਕਰਨੀ ਪੈਂਦੀ ਹੈ।

