ਹਵਾ ਦੀ ਗੁਣਵੱਤਾ ਖ਼ਰਾਬ ਸ਼੍ਰੇਣੀ ਵਿੱਚ ਪੁੱਜੀ
ਕੌਮੀ ਰਾਜਧਾਨੀ ’ਚ ਘੱਟ ਤੋਂ ਘੱਟ ਤਾਪਮਾਨ 12.6 ਡਿਗਰੀ ਸੈਲਸੀਅਸ; ਸਵੇਰੇ ਹਲਕੀ ਧੁੰਦ ਛਾਈ
ਕੌਮੀ ਰਾਜਧਾਨੀ ਦਿੱਲੀ ਵਿੱਚ ਹਲਕੀ ਧੁੰਦ ਪਈ ਅਤੇ ਘੱਟ ਤੋਂ ਘੱਟ ਤਾਪਮਾਨ 12.6 ਡਿਗਰੀ ਸੈਲਸੀਅਸ ਰਿਹਾ, ਜੋ ਕਿ ਮੌਸਮ ਦੇ ਔਸਤ ਤਾਪਮਾਨ ਤੋਂ 4.2 ਡਿਗਰੀ ਵੱਧ ਹੈ। ਇਸ ਦੌਰਾਨ ਹਵਾ ਦੀ ਗੁਣਵੱਤਾ ‘ਖਰਾਬ’ ਸ਼੍ਰੇਣੀ ਵਿੱਚ ਰਹੀ। ਮੌਸਮ ਵਿਭਾਗ ਅਨੁਸਾਰ ਦਿੱਲੀ ਦੇ ਪਾਲਮ ਵਿੱਚ ਘੱਟੋ-ਘੱਟ ਤਾਪਮਾਨ 11.5 ਡਿਗਰੀ ਸੈਲਸੀਅਸ, ਲੋਧੀ ਰੋਡ ’ਤੇ 12.6 ਡਿਗਰੀ ਸੈਲਸੀਅਸ, ਰਿਜ ’ਤੇ 12 ਡਿਗਰੀ ਸੈਲਸੀਅਸ ਅਤੇ ਆਯਾਨਗਰ ਵਿੱਚ 12.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ ਲਗਪਗ 16.9 ਡਿਗਰੀ ਸੈਲਸੀਅਸ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਦੇ ਅਨੁਸਾਰ ਸਵੇਰੇ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 266 ਦਰਜ ਕੀਤਾ ਗਿਆ, ਜੋ ਕਿ ‘ਮਾੜੀ’ ਸ਼੍ਰੇਣੀ ਵਿੱਚ ਆਉਂਦਾ ਹੈ। ਦੂਜੇ ਪਾਸੇ ਪੱਛਮੀ ਗੜਬੜੀ ਕਾਰਨ ਰਾਜਧਾਨੀ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਐਤਕੀਂ ਜਨਵਰੀ ਵਿੱਚ ਸਭ ਤੋਂ ਵੱਧ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ ਇਸ ਮਹੀਨੇ ਹੁਣ ਤੱਕ 21.01 ਮਿਲੀਮੀਟਰ ਮੀਂਹ ਪਿਆ ਹੈ। ਇਸ ਤੋਂ ਪਹਿਲਾਂ 23 ਤੇ 24 ਜਨਵਰੀ ਨੂੰ ਸਵੇਰੇ 8:30 ਵਜੇ ਤੱਕ ਸਫਦਰਜੰਗ ਸਟੈਂਡਰਡ ਆਬਜ਼ਰਵੇਟਰੀ ਵਿੱਚ 19.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। 2025 ਵਿੱਚ 8.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ, 2024 ਵਿੱਚ 20.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ ਅਤੇ 2023 ਵਿੱਚ 20.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਹਾਲਾਂਕਿ ਮੌਸਮ ਵਿਭਾਗ ਨੇ ਹੁਣ ਮਹੀਨੇ ਦੇ ਅੰਤ ਤੱਕ ਮੀਂਹ ਨਾ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੇ ਅਨੁਸਾਰ ਦਿੱਲੀ-ਐਨਸੀਆਰ ਵਿੱਚ 2 ਫਰਵਰੀ ਤੱਕ ਮੌਸਮ ਠੰਢਾ ਅਤੇ ਬੱਦਲਵਾਈ ਰਹਿਣ ਦੀ ਉਮੀਦ ਹੈ।
ਗੜਿਆਂ ਕਾਰਨ ਕਿਸਾਨਾਂ ਦੀ ਚਿੰਤਾ ਵਧੀ
ਜੀਂਦ (ਮਹਾਂਵੀਰ ਮਿੱਤਲ): ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਗੜਿਆਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਅੱਜ ਸਵੇਰੇ 3 ਵਜੇ ਤੱਕ ਰੁਕ-ਰੁਕ ਕੇ ਹਲਕਾ ਮੀਂਹ ਪਿਆ। ਮੌਸਮ ਵਿਗਿਆਨੀ ਡਾ. ਰਾਜੇਸ਼ ਦੇ ਅਨੁਸਾਰ ਮੀਂਹ ਤਾਂ ਫਸਲਾਂ ਲਈ ਫਾਇਦੇਮੰਦ ਹੈ ਪਰ ਗੜਿਆਂ ਦਾ ਪੈਣਾ ਖੇਤੀ ਲਈ ਨੁਕਸਾਨਦਾਇਕ ਹੈ। ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਜਦੋਂਕਿ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਦੇ ਅਨੁਸਾਰ ਅੱਜ ਬੁੱਧਵਾਰ ਨੂੰ ਬੱਦਲਵਾਈ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਕਿ ਜੀਂਦ ਜ਼ਿਲ੍ਹੇ ਦੇ ਉਚਾਨਾ ਇਲਾਕੇ ਵਿੱਚ ਗੜੇ ਪਏ ਹਨ।

