ਏਅਰ ਇੰਡੀਆ ਦੇ ਸ਼ਰਾਬ ਪੀ ਕੇ ਡਿਊਟੀ ਕਰਨ ਵਾਲੇ ਪਾਇਲਟ ਦੀ ਹੋਵੇਗੀ ਜਾਂਚ
ਕੈਨੇੇਡਾ ਨੇ ਏਅਰ ਇੰਡੀਆ ਨੂੰ ਲਿਖਿਆ ਪੱਤਰ; 23 ਦਸੰਬਰ ਨੂੰ ਵੈਨਕੂਵਰ-ਦਿੱਲੀ ਉਡਾਣ ਵਿਚ ਵਾਪਰੀ ਸੀ ਘਟਨਾ
ਕੈਨੇਡਾ ਦੇ ਟਰਾਂਸਪੋਰਟ ਰੈਗੂਲੇਟਰ ਨੇ ਏਅਰ ਇੰਡੀਆ ਨੂੰ ਕਿਹਾ ਹੈ ਕਿ ਉਸ ਦਾ ਇੱਕ ਪਾਇਲਟ ਸ਼ਰਾਬ ਪੀ ਕੇ ਡਿਊਟੀ ਲਈ ਰਿਪੋਰਟ ਕਰ ਰਿਹਾ ਸੀ ਅਤੇ ਉਸ ਦਾ ਸ਼ਰਾਬ ਜਾਂਚਣ ਵਾਲਾ ਟੈਸਟ ਕੀਤਾ ਗਿਆ ਜਿਸ ਵਿਚ ਉਸ ਦੇ ਸ਼ਰਾਬ ਪੀਣ ਦੀ ਪੁਸ਼ਟੀ ਹੋਈ ਤੇ ਉਸ ਨੂੰ ਜਹਾਜ਼ ਵਿਚੋਂ ਬਾਹਰ ਜਾਣ ਲਈ ਕਿਹਾ ਗਿਆ। ਇਸ ਮਾਮਲੇ ਤੋਂ ਜਾਣੂ ਇੱਕ ਵਿਅਕਤੀ ਨੇ ਕਿਹਾ ਕਿ ਇਹ ਟੈਸਟ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੈਨੇਡੀਅਨ ਪੁਲੀਸ ਵਲੋਂ ਕੀਤੇ ਗਏ ਸਨ ਤੇ ਟੈਸਟ ਤੋਂ ਬਾਅਦ ਪਾਇਲਟ ਨੂੰ ਜਹਾਜ਼ ਛੱਡ ਕੇ ਜਾਣ ਲਈ ਕਿਹਾ ਗਿਆ ਸੀ।
ਟਰਾਂਸਪੋਰਟ ਕੈਨੇਡਾ ਵਲੋਂ ਏਅਰ ਇੰਡੀਆ ਨੂੰ ਲਿਖੇ ਇੱਕ ਪੱਤਰ ਵਿੱਚ ਇਸ ਘਟਨਾ ਨੂੰ ਗੰਭੀਰ ਮਾਮਲਾ ਦੱਸਿਆ ਗਿਆ ਹੈ ਅਤੇ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿਚ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ ਕਿਉਂਕਿ ਉਸ ਨੂੰ ਮੀਡੀਆ ਨਾਲ ਗੱਲ ਕਰਨ ਦਾ ਅਧਿਕਾਰ ਨਹੀਂ ਹੈ। ਇਸ ਸਬੰਧੀ ਟਰਾਂਸਪੋਰਟ ਕੈਨੇਡਾ ਨੂੰ ਟਿੱਪਣੀ ਲਈ ਈਮੇਲ ਕੀਤੀ ਗਈ ਪਰ ਇਸ ਦਾ ਕੋਈ ਜਵਾਬ ਨਹੀਂ ਆਇਆ।
ਏਅਰ ਇੰਡੀਆ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ 23 ਦਸੰਬਰ ਨੂੰ ਵੈਨਕੂਵਰ ਤੋਂ ਦਿੱਲੀ ਜਾਣ ਵਾਲੀ ਉਡਾਣ ਵਿੱਚ ਵਾਪਰੀ ਸੀ ਜਿਸ ਕਾਰਨ ਉਡਾਣ ਭਰਨ ਵਿਚ ਆਖਰੀ ਸਮੇਂ ਵਿੱਚ ਦੇਰੀ ਹੋਈ। ਏਅਰ ਇੰਡੀਆ ਨੇ ਕਿਹਾ ਕਿ ਇਸ ਤੋਂ ਬਾਅਦ ਦੂਜੇ ਪਾਇਲਟ ਦਾ ਇੰਤਜ਼ਾਮ ਕੀਤਾ ਗਿਆ ਤੇ ਉਡਾਣ ਭਾਰਤ ਭੇਜੀ ਗਈ।

