Rahul Gandhi ਨੂੰ ਲੈ ਕੇ ਆ ਰਹੀ Air India ਦੀ ਉਡਾਣ ਵਿਚ ਲੱਗੇ ਝਟਕੇ
ਪਹਿਲੀ ਵਾਰ ਵਿਚ ਨਾ ਹੋਈ ਲੈਂਡ; 25 ਮਿੰਟ ਬਾਅਦ ਸੁਰੱਖਿਅਤ ਉਤਰੀ ਉਡਾਣ; ਦਿੱਲੀ ਤੋਂ ਲਖਨਊ ਆ ਰਹੀ ਸੀ ਏਅਰ ਇੰਡੀਆ ਦੀ ਫਲਾਈਟ
Rahul Gandhi Air India flight Lucknow: ਦਿੱਲੀ ਤੋਂ ਲਖਨਊ ਆ ਰਹੀ ਏਅਰ ਇੰਡੀਆ ਦੀ ਫਲਾਈਟ (AI-1717) ਨੂੰ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਨ ਵੇਲੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਜਹਾਜ਼ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਵੀ ਹੋਰ ਯਾਤਰੀਆਂ ਨਾਲ ਸਵਾਰ ਸਨ। ਜਦੋਂ ਜਹਾਜ਼ ਨਾ ਉਤਰਿਆ ਤਾਂ ਪਾਇਲਟ ਨੇ ਇਕ ਦਮ ਇਸ ਨੂੰ ਉਚੀ ਚੁੱਕਿਆ ਜਿਸ ਕਾਰਨ ਤੇਜ਼ ਝਟਕੇ ਲੱਗੇ। ਇਹ ਉਡਾਣ ਇਸ ਤੋਂ ਬਾਅਦ 25 ਮਿੰਟ ਹਵਾ ਵਿਚ ਚੱਕਰ ਲਾਉਂਦੀ ਰਹੀ ਤੇ ਬਾਅਦ ਵਿਚ ਸੁਰੱਖਿਅਤ ਉਤਰੀ।
ਜਾਣਕਾਰੀ ਅਨੁਸਾਰ ਜਦੋਂ ਇਹ ਜਹਾਜ਼ ਲਖਨਊ ਹਵਾਈ ਅੱਡੇ ’ਤੇ ਪਹੁੰਚਿਆ ਤਾਂ ਪਹਿਲੀ ਵਾਰ ਲੈਂਡਿੰਗ ਕਰਨ ਸਮੇਂ ਖਾਮੀ ਸਾਹਮਣੇ ਆਉਣ ਕਾਰਨ ਪਾਇਲਟ ਨੂੰ ਐਨ ਮੌਕੇ ’ਤੇ ਜਹਾਜ਼ ਹੇਠਾਂ ਉਤਾਰਨ ਦਾ ਫ਼ੈਸਲਾ ਰੱਦ ਕਰਨਾ ਪਿਆ। ਹਵਾਬਾਜ਼ੀ ਦੀ ਭਾਸ਼ਾ ਵਿੱਚ ਇਸ ਸੁਰੱਖਿਆ ਪ੍ਰਕਿਰਿਆ ਨੂੰ 'ਗੋ-ਅਰਾਉਂਡ' ਕਿਹਾ ਜਾਂਦਾ ਹੈ, ਜਿਸ ਵਿੱਚ ਪਾਇਲਟ ਸੁਰੱਖਿਆ ਨੂੰ ਪਹਿਲਾਂ ਰੱਖਦਿਆਂ ਜਹਾਜ਼ ਨੂੰ ਮੁੜ ਹਵਾ ਵਿੱਚ ਉੱਪਰ ਵੱਲ ਚੁੱਕ ਲੈਂਦਾ ਹੈ।
ਦੂਜੀ ਕੋਸ਼ਿਸ਼ ਵਿੱਚ ਹੋਈ ਸੁਰੱਖਿਅਤ ਲੈਂਡਿੰਗ; ਯਾਤਰੀਆਂ ਨੇ ਲਿਆ ਸੁੱਖ ਦਾ ਸਾਹ
ਪਹਿਲੀ ਵਾਰ ਲੈਂਡਿੰਗ ਨਾ ਹੋਣ ਤੋਂ ਬਾਅਦ ਪਾਇਲਟ ਨੇ ਸੂਝ-ਬੂਝ ਦਿਖਾਉਂਦੇ ਹੋਏ ਜਹਾਜ਼ ਨੂੰ ਮੁੜ ਉੱਚਾ ਕੀਤਾ ਅਤੇ ਰਨਵੇਅ ਦਾ ਨਵਾਂ ਚੱਕਰ ਲਗਾ ਕੇ ਦੂਜੀ ਵਾਰ ਵਿੱਚ ਸਹੀ ਤਰੀਕੇ ਨਾਲ ਜਹਾਜ਼ ਨੂੰ ਹੇਠਾਂ ਉਤਾਰਿਆ। ਦੂਜੇ ਯਤਨ ਦੌਰਾਨ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋਣ ਨਾਲ ਹਵਾਈ ਅੱਡੇ 'ਤੇ ਮੌਜੂਦ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਨੇ ਸੁੱਖ ਦਾ ਸਾਹ ਲਿਆ। ਇਸ ਘਟਨਾ ਦੌਰਾਨ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ ਅਤੇ ਕਿਸੇ ਵੀ ਕਿਸਮ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਮੌਸਮੀ ਜਾਂ ਤਕਨੀਕੀ ਅਸਥਿਰਤਾ ਕਾਰਨ ਪੈਦਾ ਹੋਈ ਸਥਿਤੀ ਨੂੰ ਸੰਭਾਲਣ ਲਈ ਇਹ ਇੱਕ ਆਮ ਅਤੇ ਸੁਰੱਖਿਅਤ ਪ੍ਰਕਿਰਿਆ ਹੁੰਦੀ ਹੈ, ਜਿਸ ਤਹਿਤ ਯਾਤਰੀਆਂ ਦੀ ਜਾਨ ਨੂੰ ਖਤਰੇ ਵਿੱਚ ਪਾਏ ਬਿਨਾਂ ਦੁਬਾਰਾ ਕੋਸ਼ਿਸ਼ ਕੀਤੀ ਜਾਂਦੀ ਹੈ।

