Air India ਦੇ ਮੁਖੀ ਨੇ ਕਿਹਾ : ਜੰਗ ਦਾ ਅਸਲ ਵਿੱਤੀ ਝਟਕਾ ਲੱਗਣਾ ਅਜੇ ਬਾਕੀ, ਫਜ਼ੂਲ ਖਰਚੇ 'ਤੇ ਲਗਾਮ ਲਗਾਓ
ਤਿੰਨ ਹਫ਼ਤਿਆਂ 'ਚ ਮੱਧ ਪੂਰਬ ਨੂੰ ਜਾਣ ਵਾਲੀਆਂ ਲਗਪਗ 2,500 ਉਡਾਣਾਂ ਹੋਈਆਂ ਰੱਦ : ਵਿਲਸਨ
ਏਅਰ ਇੰਡੀਆ ਦੇ ਮੁਖੀ ਕੈਂਪਬੈਲ ਵਿਲਸਨ ਨੇ ਕਿਹਾ ਹੈ ਕਿ ਏਅਰ ਇੰਡੀਆ ਗਰੁੱਪ ਉੱਤੇ ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਦਾ ਕਾਫ਼ੀ ਅਸਰ ਪਿਆ ਹੈ ਅਤੇ ਜੰਗ ਦਾ ਅਸਲ ਵਿੱਤੀ ਝਟਕਾ ਮਹਿਸੂਸ ਹੋਣਾ ਅਜੇ ਬਾਕੀ ਹੈ। ਉਨ੍ਹਾਂ ਨੇ ਕੰਪਨੀ ਨੂੰ ਫਜ਼ੂਲ ਖਰਚਿਆਂ ਉੱਤੇ ਲਗਾਮ ਲਗਾਉਣ ਦੀ ਵੀ ਨਸੀਹਤ ਦਿੱਤੀ।
ਵਿਲਸਨ ਨੇ ਸਟਾਫ ਨੂੰ ਦਿੱਤੇ ਇੱਕ ਸੰਦੇਸ਼ ਵਿੱਚ ਕਿਹਾ 'ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਦੇ ਤਿੰਨ ਹਫ਼ਤਿਆਂ ਵਿੱਚ ਇਸ ਖੇਤਰ ਵਿੱਚ ਜਾਣ ਵਾਲੀਆਂ ਲਗਪਗ 2,500 ਉਡਾਣਾਂ ਰੱਦ ਕਰਨੀਆਂ ਪਈਆਂ ਹਨ। ਮੌਜੂਦਾ ਹਾਲਾਤ ਕਰਕੇ ਅਸੀਂ ਮੱਧ ਪੂਰਬ ਲਈ ਆਪਣੀਆਂ ਸਿਰਫ਼ 30% ਉਡਾਣਾਂ ਦਾ ਸੰਚਾਲਨ ਹੀ ਕਰ ਪਾ ਰਹੇ ਹਾਂ। ਬਹੁਤ ਸਾਰੇ ਹਵਾਈ ਅੱਡੇ ਅਤੇ ਹਵਾਈ ਖੇਤਰ ਬੰਦ ਹਨ ਜਾਂ ਫਿਰ ਉਹ ਸਾਡੇ ਸੁਰੱਖਿਆ ਨਿਯਮਾਂ ਮੁਤਾਬਕ ਖ਼ਤਰਨਾਕ ਹਨ।'
ਵਿਲਸਨ ਨੇ ਕਿਹਾ ਇਸ ਸੰਕਟ ਦਾ ਵਿੱਤੀ ਪ੍ਰਭਾਵ ਅਜੇ ਪੂਰੀ ਤਰ੍ਹਾਂ ਮਹਿਸੂਸ ਕੀਤਾ ਜਾਣਾ ਬਾਕੀ ਹੈ, ਕਿਉਂਕਿ ਜਹਾਜ਼ਾਂ ਦੇ ਈਂਧਨ (Fuel) ਦੀਆਂ ਕੀਮਤਾਂ ਦੁੱਗਣੀਆਂ ਤੋਂ ਵੀ ਜ਼ਿਆਦਾ ਵਧ ਗਈਆਂ ਹਨ ਪਰ ਕੰਪਨੀ ਦੇ ਖ਼ਰਚਿਆਂ 'ਤੇ ਇਸ ਦਾ ਪ੍ਰਭਾਵ ਅਗਲੇ ਮਹੀਨੇ ਤੋਂ ਦਿਖਣਾ ਸ਼ੁਰੂ ਹੋਵੇਗਾ।
ਏਅਰ ਇੰਡੀਆ ਦੇ ਐੱਮ ਡੀ ਅਤੇ ਸੀ ਈ ਓ ਦੇ ਮੁਤਾਬਕ ਮੌਜੂਦਾ ਹਾਲਾਤ ਵਿੱਚ ਸਾਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਉਡਾਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਫ਼ਾਲਤੂ ਖ਼ਰਚਿਆਂ 'ਤੇ ਪਹਿਲਾਂ ਨਾਲੋ ਕਿਤੇ ਜ਼ਿਆਦਾ ਨਿਯੰਤਰਣ ਰੱਖਣਾ ਹੋਵੇਗਾ। ਇੱਕ-ਦੂਜੇ ਦੀ ਮਦਦ ਕਰਨੀ ਹੋਵੇਗੀ ਅਤੇ ਮੁਸਾਫ਼ਰਾਂ ਨੂੰ ਹਮੇਸ਼ਾ ਦੀ ਤਰ੍ਹਾਂ ਵਧੀਆ ਸੇਵਾਵਾਂ ਦਿੰਦੇ ਰਹਿਣਾ ਹੋਵੇਗਾ।

