ਕੌਮੀ ਰਾਜਧਾਨੀ ਵਿੱਚ ਹਵਾ ਹੋਰ ਜ਼ਹਿਰੀਲੀ ਹੋਈ
ਆਨੰਦ ਵਿਹਾਰ ’ਚ ਏ ਕਿਊ ਆਈ 386 ਦਰਜ; ਲੋਕਾਂ ਨੂੰ ਸਾਹ ਲੈਣ ਵਿੱਚ ਆ ਰਹੀ ਹੈ ਦਿੱਕਤ
ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਅੱਜ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਅਨੁਸਾਰ ਸਵੇਰੇ 7 ਵਜੇ ਸ਼ਹਿਰ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 329 ਦਰਜ ਕੀਤਾ ਗਿਆ, ਜੋ ਕਿ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਬੀਤੇ ਕੁਝ ਹਫ਼ਤਿਆਂ ਵਿੱਚ ਮਾਮੂਲੀ ਸੁਧਾਰ ਦੇ ਬਾਵਜੂਦ ਰਾਜਧਾਨੀ ਦੇ ਵੱਡੇ ਹਿੱਸੇ ਸੰਘਣੀ ਅਤੇ ਜ਼ਹਿਰੀਲੀ ਧੁੰਦ ਦੀ ਲਪੇਟ ਵਿੱਚ ਹਨ।
ਗਾਜ਼ੀਪੁਰ ਅਤੇ ਆਨੰਦ ਵਿਹਾਰ ਵਰਗੇ ਇਲਾਕਿਆਂ ਵਿੱਚ ਹਾਲਾਤ ਜ਼ਿਆਦਾ ਮਾੜੇ ਰਹੇ, ਜਿੱਥੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਰਹੀ। ਸੀ ਪੀ ਸੀ ਬੀ ਦੇ ਅੰਕੜਿਆਂ ਮੁਤਾਬਕ ਆਨੰਦ ਵਿਹਾਰ ਅਤੇ ਗਾਜ਼ੀਪੁਰ ਖੇਤਰ ਵਿੱਚ ਸਮੌਗ ਪਈ ਅਤੇ ਇੱਥੇ ਏ ਕਿਊ ਆਈ 386 ਦਰਜ ਕੀਤਾ ਗਿਆ। ਇਸੇ ਤਰ੍ਹਾਂ ਵਜ਼ੀਰਪੁਰ ਵਿੱਚ 382, ਬਵਾਨਾ ਵਿੱਚ 365, ਸੋਨੀਆ ਵਿਹਾਰ ਵਿੱਚ 338 ਅਤੇ ਧੌਲਾ ਕੂੰਆਂ ਖੇਤਰ ਵਿੱਚ 337 ਏ ਕਿਊ ਆਈ ਰਿਹਾ। ਇਹ ਸਾਰੇ ਇਲਾਕੇ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਆਉਂਦੇ ਹਨ। ਦੂਜੇ ਪਾਸੇ, ਐੱਨ ਐੱਸ ਆਈ ਟੀ ਦਵਾਰਕਾ ਵਿੱਚ ਏ ਕਿਊ ਆਈ 269 ਦਰਜ ਕੀਤਾ ਗਿਆ, ਜੋ ‘ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ।
ਇਸ ਤੋਂ ਇਲਾਵਾ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਵੀ ਅੱਜ ਸਵੇਰੇ ਸਮੌਗ ਪਈ, ਜਿਸ ਕਾਰਨ ਸਵੇਰ ਵੇਲੇ ਆਵਾਜਾਈ ਪ੍ਰਭਾਵਿਤ ਹੋਈ। ਭਾਰਤੀ ਮੌਸਮ ਵਿਭਾਗ (ਆਈ ਐੱਮ ਡੀ) ਅਨੁਸਾਰ ਕਰਨਾਲ ਵਿੱਚ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਦਿਨ ਦੀ ਸ਼ੁਰੂਆਤ ਕਾਫੀ ਠੰਢੀ ਰਹੀ।
ਏ ਕਿਊ ਆਈ ਦੇ ਮਾਪਦੰਡਾਂ ਅਨੁਸਾਰ 0 ਤੋਂ 50 ਤੱਕ ‘ਚੰਗਾ’, 51 ਤੋਂ 100 ਤੱਕ ‘ਤਸੱਲੀਬਖ਼ਸ਼’, 101 ਤੋਂ 200 ਤੱਕ ‘ਦਰਮਿਆਨਾ’, 201 ਤੋਂ 300 ਤੱਕ ‘ਖਰਾਬ’, 301 ਤੋਂ 400 ਤੱਕ ‘ਬਹੁਤ ਖਰਾਬ’ ਅਤੇ 401 ਤੋਂ 500 ਤੱਕ ‘ਗੰਭੀਰ’ ਮੰਨਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ‘ਬਹੁਤ ਖਰਾਬ’ ਹਵਾ ਗੁਣਵੱਤਾ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ’ਤੇ ਤੰਦਰੁਸਤ ਵਿਅਕਤੀਆਂ ਲਈ ਵੀ ਸਾਹ ਦੀਆਂ ਬਿਮਾਰੀਆਂ ਦਾ ਖਤਰਾ ਪੈਦਾ ਕਰਦੀ ਹੈ, ਜਦਕਿ ਬੱਚਿਆਂ, ਬਜ਼ੁਰਗਾਂ ਅਤੇ ਦਮੇ ਦੇ ਮਰੀਜ਼ਾਂ ਲਈ ਇਹ ਬੇਹੱਦ ਘਾਤਕ ਹੈ। ਸਰਦੀਆਂ ਦੌਰਾਨ ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਹੱਦ ਤੱਕ ਵਧਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਪ੍ਰਦੂਸ਼ਣ ਦਾ ਦਰੱਖਤਾਂ ’ਤੇ ਵੀ ਅਸਰ ਪੈਣ ਲੱਗਾ
ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੇ ਆਚਾਰੀਆ ਨਰਿੰਦਰ ਦੇਵ ਕਾਲਜ ਵੱਲੋਂ ਕੀਤੇ ਗਏ ਇੱਕ ਤਾਜ਼ਾ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਰਾਜਧਾਨੀ ਦੀ ਜ਼ਹਿਰੀਲੀ ਹਵਾ ਪੌਦਿਆਂ ਦੀ ਸਿਹਤ ਲਈ ਬੇਹੱਦ ਘਾਤਕ ਸਾਬਤ ਹੋ ਰਹੀ ਹੈ। ਅਧਿਐਨ ਮੁਤਾਬਕ ਪ੍ਰਦੂਸ਼ਣ ਕਾਰਨ ਪੱਤਿਆਂ ਵਿੱਚ ਕਲੋਰੋਫਿਲ ਦਾ ਪੱਧਰ ਘਟ ਰਿਹਾ ਹੈ, ਜਿਸ ਦਾ ਸਿੱਧਾ ਅਸਰ ਦਰੱਖਤਾਂ ਵੱਲੋਂ ਪੈਦਾ ਕੀਤੀ ਜਾਣ ਵਾਲੀ ਆਕਸੀਜਨ ਦੀ ਮਾਤਰਾ ’ਤੇ ਪੈਂਦਾ ਹੈ। ਖੋਜਕਰਤਾਵਾਂ ਨੇ ਸ਼ਹਿਰ ਵਿੱਚ ਆਮ ਪਾਏ ਜਾਣ ਵਾਲੇ 10 ਪ੍ਰਮੁੱਖ ਦਰੱਖਤਾਂ ਜਿਵੇਂ ਬੇਲ, ਸਪਤਪਰਨੀ, ਨਿੰਮ, ਅਮਲਤਾਸ, ਬਰਗਦ, ਪਿੱਪਲ, ਪਿਲਖਣ, ਅੰਬ, ਚੰਪਾ ਅਤੇ ਜਾਮੁਨ ’ਤੇ ਇਹ ਖੋਜ ਕੀਤੀ ਹੈ। ਇਹ ਖੋਜ ਚਾਰ ਵੱਖ-ਵੱਖ ਜ਼ੋਨਾਂ ਆਸ਼ਰਮ, ਤੁਗਲਕਾਬਾਦ, ਦਵਾਰਕਾ ਅਤੇ ਕਮਲਾ ਨਹਿਰੂ ਰਿੱਜ ਵਿੱਚ ਕੀਤੀ ਗਈ। ਅਧਿਐਨ ਵਿੱਚ ਪਤਾ ਲੱਗਾ ਕਿ ਮੌਨਸੂਨ ਦੌਰਾਨ ਮੀਂਹ ਪੈਣ ਕਾਰਨ ਪੱਤਿਆਂ ਤੋਂ ਧੂੜ ਸਾਫ਼ ਹੋ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਠੀਕ ਰਹਿੰਦੀ ਹੈ। ਇਸ ਦੇ ਉਲਟ ਸਰਦੀਆਂ ਵਿੱਚ ਪ੍ਰਦੂਸ਼ਣ ਦੇ ਵਧੇ ਹੋਏ ਪੱਧਰ ਕਾਰਨ ਕਲੋਰੋਫਿਲ ਤੇਜ਼ੀ ਨਾਲ ਘਟਦਾ ਹੈ, ਪੱਤੇ ਪਤਲੇ ਹੋ ਜਾਂਦੇ ਹਨ ਅਤੇ ਉਨ੍ਹਾਂ ਵਿੱਚ ਪਾਣੀ ਦੀ ਮਾਤਰਾ ਘਟ ਜਾਂਦੀ ਹੈ। ਅਧਿਐਨ ਦੇ ਲੇਖਕ ਵਿਨੀਤ ਕੁਮਾਰ ਸਿੰਘ ਨੇ ਦੱਸਿਆ ਕਿ ਪ੍ਰਦੂਸ਼ਣ ਦੇ ਕਣ ਪੱਤਿਆਂ ਦੇ ਮੁਸਾਮਾਂ ਨੂੰ ਬੰਦ ਕਰ ਦਿੰਦੇ ਹਨ, ਜਿਸ ਨਾਲ ਪੌਦੇ ਦੀ ਆਕਸੀਜਨ ਛੱਡਣ ਦੀ ਪ੍ਰਕਿਰਿਆ ਰੁਕ ਜਾਂਦੀ ਹੈ। -ਪੀਟੀਆਈ

