Air Ambulance Crash: ਰਾਂਚੀ ਤੋਂ ਦਿੱਲੀ ਜਾ ਰਹੀ ਹਵਾਈ ਐਂਬੂਲੈਂਸ ਹਾਦਸਾਗ੍ਰਸਤ; ਮਰੀਜ਼ ਤੇ ਚਾਲਕ ਦਲ ਸਮੇਤ 7 ਹਲਾਕ
ਖ਼ਰਾਬ ਮੌਸਮ ਕਾਰਨ ਵਾਪਰਿਆ ਦਰਦਨਾਕ ਹਾਦਸਾ; ਝਾਰਖੰਡ ਦੇ ਚਤਰਾ ’ਚ ਵਾਪਰਿਆ ਹਾਦਸਾ
Air Ambulance Crash: ਝਾਰਖੰਡ ਦੇ ਚਤਰਾ ਜ਼ਿਲ੍ਹੇ ਵਿੱਚ ਵਾਪਰੇ ਇੱਕ ਭਿਆਨਕ ਹਵਾਈ ਹਾਦਸੇ ਦੌਰਾਨ ਰੈੱਡਬਰਡ ਏਅਰਵੇਜ਼ ਦੀ ਹਵਾਈ ਐਂਬੂਲੈਂਸ (ਬੀਚਕ੍ਰਾਫਟ C90) ਕਰੈਸ਼ ਹੋ ਗਈ, ਜਿਸ ਵਿੱਚ ਸਵਾਰ ਸਾਰੇ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਚਾਲਕ ਦਲ ਦੇ ਮੈਂਬਰ, ਇੱਕ ਮਰੀਜ਼ ਅਤੇ ਉਸ ਦੇ ਪਰਿਵਾਰ ਦੇ ਚਾਰ ਮੈਂਬਰ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਕੀਰਤੀਸ਼੍ਰੀ ਜੀ. ਅਨੁਸਾਰ ਇਹ ਹਾਦਸਾ ਸਿਮਰੀਆ ਬਲਾਕ ਦੇ ਕਸਾਰੀਆ ਇਲਾਕੇ ਵਿੱਚ ਖ਼ਰਾਬ ਮੌਸਮ ਅਤੇ ਭਾਰੀ ਗਰਜ-ਚਮਕ ਕਾਰਨ ਵਾਪਰਿਆ। ਜਹਾਜ਼ ਨੇ ਸ਼ਾਮ 7:11 ਵਜੇ ਰਾਂਚੀ ਤੋਂ ਦਿੱਲੀ ਲਈ ਉਡਾਣ ਭਰੀ ਸੀ ਪਰ ਕੁਝ ਹੀ ਸਮੇਂ ਬਾਅਦ ਇਸ ਦਾ ਸੰਪਰਕ ਕੋਲਕਾਤਾ ਏਅਰ ਟ੍ਰੈਫਿਕ ਕੰਟਰੋਲ (ATC) ਨਾਲੋਂ ਟੁੱਟ ਗਿਆ।
ਐੱਸ.ਪੀ. ਸੁਮਿਤ ਕੁਮਾਰ ਅਗਰਵਾਲ ਨੇ ਦੱਸਿਆ ਕਿ ਪਹਾੜੀ ਅਤੇ ਦੁਰਗਮ ਇਲਾਕਾ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਭਾਰੀ ਮੁਸ਼ਕਲ ਪੇਸ਼ ਆਈ। ਹਾਦਸੇ ਵਾਲੀ ਥਾਂ ਤੋਂ ਮ੍ਰਿਤਕ ਦੇਹਾਂ ਨੂੰ ਬਰਾਮਦ ਕਰ ਲਿਆ ਗਿਆ ਹੈ।
ਨਾਗਰਿਕ ਹਵਾਲਾਬਾਜ਼ੀ ਡਾਇਰੈਕਟੋਰੇਟ (DGCA) ਅਤੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਤੋਂ ਇੱਕ ਵਿਸ਼ੇਸ਼ ਟੀਮ ਜਹਾਜ਼ ਦਾ 'ਬਲੈਕ ਬਾਕਸ' ਲੱਭਣ ਲਈ ਘਟਨਾ ਸਥਾਨ ’ਤੇ ਪਹੁੰਚ ਰਹੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

