AI ਸੰਮੇਲਨ ਪ੍ਰਦਰਸ਼ਨ: ਅਦਾਲਤ ਵੱਲੋਂ ਯੂਥ ਕਾਂਗਰਸ ਦੇ 9 ਵਰਕਰਾਂ ਨੂੰ ਜ਼ਮਾਨਤ
ਇੱਥੋਂ ਦੀ ਇੱਕ ਅਦਾਲਤ ਨੇ ਭਾਰਤੀ ਯੂਥ ਕਾਂਗਰਸ (IYC) ਦੇ ਨੌਂ ਵਰਕਰਾਂ ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਨ੍ਹਾਂ ਨੂੰ AI ਸੰਮੇਲਨ ਵਿੱਚ "ਬਿਨਾਂ ਕਮੀਜ਼" (shirtless) ਪ੍ਰਦਰਸ਼ਨ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਇਹ ਪ੍ਰਦਰਸ਼ਨ ਇੱਕ...
ਇੱਥੋਂ ਦੀ ਇੱਕ ਅਦਾਲਤ ਨੇ ਭਾਰਤੀ ਯੂਥ ਕਾਂਗਰਸ (IYC) ਦੇ ਨੌਂ ਵਰਕਰਾਂ ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਨ੍ਹਾਂ ਨੂੰ AI ਸੰਮੇਲਨ ਵਿੱਚ "ਬਿਨਾਂ ਕਮੀਜ਼" (shirtless) ਪ੍ਰਦਰਸ਼ਨ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਇਹ ਪ੍ਰਦਰਸ਼ਨ ਇੱਕ ਪ੍ਰਤੀਕਾਤਮਕ ਸਿਆਸੀ ਆਲੋਚਨਾ ਸੀ ਅਤੇ ਮੁਕੱਦਮੇ ਤੋਂ ਪਹਿਲਾਂ ਦੀ ਹਿਰਾਸਤ ‘ਪੂਰਵ-ਨਿਰਧਾਰਤ ਸਜ਼ਾ’ ਵਾਂਗ ਹੋ ਸਕਦੀ ਹੈ।
ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਵੀ ਨੇ ਐਤਵਾਰ ਨੂੰ ਨੌਂ ਮੁਲਜ਼ਮਾਂ - ਕ੍ਰਿਸ਼ਨਾ ਹਰੀ, ਨਰਸਿਮਹਾ ਯਾਦਵ, ਕੁੰਦਨ ਕੁਮਾਰ ਯਾਦਵ, ਅਜੇ ਕੁਮਾਰ ਸਿੰਘ, ਜਿਤੇਂਦਰ ਸਿੰਘ ਯਾਦਵ, ਰਾਜਾ ਗੁਰਜਰ, ਅਜੇ ਕੁਮਾਰ ਵਿਮਲ ਉਰਫ ਬੰਟੂ, ਸੌਰਭ ਸਿੰਘ ਅਤੇ ਅਰਬਾਜ਼ ਖਾਨ ਦੀਆਂ ਜ਼ਮਾਨਤ ਅਰਜ਼ੀਆਂ 'ਤੇ ਸੁਣਵਾਈ ਕਰਦਿਆਂ ਇਹ ਹੁਕਮ ਪਾਸ ਕੀਤਾ।
ਅਦਾਲਤ ਨੇ ਕਿਹਾ, "ਪ੍ਰਦਰਸ਼ਨ, ਵੱਧ ਤੋਂ ਵੱਧ ਇੱਕ ਜਨਤਕ ਸਮਾਗਮ ਦੌਰਾਨ ਪ੍ਰਤੀਕਾਤਮਕ ਸਿਆਸੀ ਆਲੋਚਨਾ ਸੀ: ਲੀਡਰਸ਼ਿਪ ਦੇ ਚਿੱਤਰਾਂ ਵਾਲੀਆਂ ਟੀ-ਸ਼ਰਟਾਂ, ਫਿਰਕੂ/ਖੇਤਰੀ ਰੰਗਤ ਤੋਂ ਰਹਿਤ ਗੈਰ-ਭੜਕਾਊ ਨਾਅਰੇ, ਅਤੇ ਅਸਥਾਈ ਇਕੱਠ। ਕੋਈ ਵੀ ਸਬੂਤ ਸੰਪਤੀ ਦੀ ਬਦਸ਼ਕਲੀ ਜਾਂ ਡੈਲੀਗੇਟਾਂ ਵਿੱਚ ਘਬਰਾਹਟ ਨੂੰ ਜ਼ਾਹਰ ਨਹੀਂ ਕਰਦਾ; ਬਾਹਰ ਨਿਕਲਣਾ ਐਸਕਾਰਟ ਰਾਹੀਂ ਵਿਵਸਥਿਤ ਸੀ।"
ਅਦਾਲਤ ਨੇ ਨੋਟ ਕੀਤਾ ਕਿ ਮੁਕੱਦਮੇ ਤੋਂ ਪਹਿਲਾਂ ਦੀ ਹਿਰਾਸਤ ਦੋਸ਼ੀ ਸਾਬਤ ਹੋਣ ਤੋਂ ਪਹਿਲਾਂ ਹੀ ਸਜ਼ਾ ਦੇਣ ਵਾਂਗ ਹੋ ਸਕਦੀ ਹੈ। ਅਦਾਲਤ ਨੇ ਕਿਹਾ, "(ਇਹ) ਅਪਰਾਧਿਕ ਨਿਆਂ ਸ਼ਾਸਤਰ ਦੇ ਬੁਨਿਆਦੀ ਸਿਧਾਂਤਾਂ ਦੇ ਵਿਰੁੱਧ ਇੱਕ ਵੱਡੀ ਗਲਤੀ ਹੋਵੇਗੀ, ਜੋ ਆਜ਼ਾਦੀ ਨੂੰ ਸ਼ਾਸਨ ਨਿਯਮ ਵਜੋਂ ਉੱਚਾ ਮੰਨਦੇ ਹਨ ਅਤੇ ਕੈਦ ਨੂੰ ਇੱਕ ਬਹੁਤ ਹੀ ਸੀਮਤ ਅਪਵਾਦ ਵਜੋਂ ਦੇਖਦੇ ਹਨ।"
ਜ਼ਮਾਨਤ ਅਰਜ਼ੀਆਂ ਦਾ ਵਿਰੋਧ ਕਰਦਿਆਂ ਦਿੱਲੀ ਪੁਲੀਸ ਨੇ ਦਲੀਲ ਦਿੱਤੀ ਕਿ ਸੰਵਿਧਾਨ ਸ਼ਾਂਤਮਈ ਪ੍ਰਦਰਸ਼ਨ ਦਾ ਅਧਿਕਾਰ ਦਿੰਦਾ ਹੈ, ਪਰ ਇਸ ਵਿੱਚ ਕੁਝ ਸ਼ਰਤਾਂ ਵੀ ਹਨ। ਪੁਲੀਸ ਨੇ ਦਲੀਲ ਦਿੱਤੀ ਕਿ ਮੁਲਜ਼ਮ ਯੂਥ ਕਾਂਗਰਸ ਵਰਕਰਾਂ ਨੇ ਅੰਤਰਰਾਸ਼ਟਰੀ ਮੀਡੀਆ ਦੀ ਮੌਜੂਦਗੀ ਵਿੱਚ ਭਾਰਤ-ਅਮਰੀਕਾ ਵਪਾਰ ਸੌਦੇ ਨੂੰ ਸਮਝੌਤਾ ਦੱਸਦਿਆਂ ਨਾਅਰੇਬਾਜ਼ੀ ਕੀਤੀ। ਜਦੋਂ ਪੁਲਪਸ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲੀਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗੀਆਂ। ਦਿੱਲੀ ਪੁਲੀਸ ਨੇ ਕਿਹਾ ਕਿ ਇਸ ਦੇ ਡਾਕਟਰੀ ਸਬੂਤ ਮੌਜੂਦ ਹਨ।

