ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੂਨ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਅੱਜ ਕੌਮੀ ਰਾਜਧਾਨੀ ਦਿੱਲੀ ’ਚ ਅਗਨੀਪਥ ਸਕੀਮ (ਫੌਜ ਦੀ ਭਰਤੀ) ਦਾ ਵਿਰੋਧ ਕੀਤਾ ਗਿਆ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਕਿਸਾਨਾਂ ਨੇ ਨਜ਼ਫਗੜ੍ਹ ਦੇ ਡੀਐੱਮ ਨੂੰ ਮੰਗ ਪੱਤਰ ਸੌਂਪਿਆ। ਰਾਸ਼ਟਰਪਤੀ ਦੇ ਨਾਂ ’ਤੇ ਭੇਜੇ ਮੰਗ ਪੱਤਰ ਕਿਸਾਨਾਂ ਨੇ ਇਸ ਯੋਜਨਾ ਦੀਆਂ ਖਾਮੀਆਂ ’ਤੇ ਸਵਾਲ ਉਠਾਏ। ਭਾਰਤੀ ਕਿਸਾਨ ਯੂਨੀਅਨ ਦਿੱਲੀ ਦੇ ਸੂਬਾ ਪ੍ਰਧਾਨ ਵਰਿੰਦਰ ਡਾਗਰ, ਦਲਜੀਤ ਸਿੰਘ, ਰਾਜਕੁਮਾਰ ਅਤੇ ਹੋਰ ਸਮਾਜਿਕ ਜਥੇਬੰਦੀਆਂ, ਭਗਤ ਸਿੰਘ ਯੂਥ ਬ੍ਰਿਗੇਡ ਦੇ ਪ੍ਰਧਾਨ ਦੀਪ ਖੱਤਰੀ ਤੇ ਹੋਰ ਕਿਸਾਨ ਆਗੂਆਂ ਨੇ ਸਰਕਾਰ ਦੀ ਉਕਤ ਯੋਜਨਾ ਦੀ ਨਿੰਦਾ ਕੀਤੀ ਗਈ। ਸ੍ਰੀ ਖੱਤਰੀ ਨੇ ਦੱਸਿਆ ਕਿ ਇਹ ਯੋਜਨਾ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰਨ ਦੀ ਸਾਜ਼ਿਸ਼ ਹੈ| ਪਹਿਲਾਂ ਕਿਸਾਨ ਸੜਕਾਂ ਉਪਰ ਉੱਤਰੇ ਸਨ ਤੇ ਹੁਣ ਨੌਜਵਾਨ ਸੜਕਾਂ ’ਤੇ ਹਨ। ਇਸ ਸਕੀਮ ਨੂੰ ਤੁਰੰਤ ਬੰਦ ਕੀਤਾ ਜਾਵੇ। ਪਹਿਲਾਂ ਵਾਂਗ ਫੌਜ ਦੀ ਭਰਤੀ ਕੀਤੀ ਜਾਵੇ। ਦਿੱਲੀ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇਸ਼ ਦੇ ਜਵਾਨਾਂ ਦੇ ਨਾਲ ਹੈ। ਉਹ ਹਰ ਲੜਾਈ ਵਿੱਚ ਸਾਥ ਦੇਵੇਗਾ।
ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਨੂੰ ਲਗਾਤਾਰ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਇਸ ਲਈ ਸਾਰੇ ਮਹਿਕਮੇ ਨਿੱਜੀ ਹੱਥਾਂ ਵਿੱਚ ਦੇਣ ਤੋਂ ਬਾਅਦ ਭਾਰਤੀ ਫੌਜ ਨੂੰ ਵੀ ਕਾਰਪੋਰੇਟਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿੱਚ ਹੋਈ ਹੋਈ ਆਪਣੀ ਹਾਰ ਦਾ ਬਦਲਾ ਕਿਸਾਨਾਂ ਤੇ ਮਜ਼ਦੂਰਾਂ ਤੋਂ ਲੈਣ ਲਈ ਸਰਕਾਰ ਨੇ ਵੱਖ ਵੱਖ ਖਿੱਤਿਆਂ ਅਤੇ ਕੌਮਾਂ ਨਾਲ ਸੰਬੰਧਿਤ ਰੈਜੀਮੈਂਟਾਂ ਨੂੰ ਖਤਮ ਕਰਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਨੂੰ ਇਕ ਕਦਮ ਹੋਰ ਅੱਗੇ ਵਧ ਕੇ ਲਾਗੂ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਜਿੱਥੇ ਭਾਰਤ ਦੀਆਂ ਵੱਖ ਵੱਖ ਰੈਜੀਮੈਂਟਾਂ ਦਾ ਇਤਿਹਾਸ ਖ਼ਤਮ ਹੋਵੇਗਾ ਉਥੇ ਹੀ ਭਾਰਤ ਦੇ ਖ਼ਾਸ ਕਰਕੇ ਕਿਸਾਨੀ ਕਿੱਤੇ ਨਾਲ ਸਬੰਧਤ ਨੌਜਵਾਨਾਂ ਦਾ ਰੁਜ਼ਗਾਰ ਵੱਡੀ ਪੱਧਰ ਤੇ ਉਨ੍ਹਾਂ ਤੋਂ ਖੋਹ ਲਿਆ ਜਾਵੇਗਾ।