ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਸਤੰਬਰ
ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀਯੂਐਸਯੂ) ਦੀਆਂ ਚੋਣਾਂ 2023-24 ਵਿੱਚ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ ਦਿੱਲੀ ਯੂਨੀਵਰਸਿਟੀ ਵਿੱਚ ਹੋਈ। ਯੂਨੀਵਰਸਿਟੀ ਦੇ ਦੱਖਣੀ ਦਿੱਲੀ ਕੈਂਪਸ ਦੇ ਡਾਇਰੈਕਟਰ ਪ੍ਰੋ. ਪ੍ਰਕਾਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪ੍ਰੋਕਟਰ, ਮੁੱਖ ਚੋਣ ਅਧਿਕਾਰੀ, ਕਾਲਜਾਂ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰ (ਕਮੇਟੀ ਦੇ ਮੈਂਬਰ) ਹਾਜ਼ਰ ਸਨ।
ਮੀਟਿੰਗ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਕੁਝ ਅਹਿਮ ਫੈਸਲੇ ਲਏ ਗਏ। ਦਿੱਲੀ ਭਰ ਦੇ ਕਾਲਜਾਂ ਦੇ ਆਲੇ-ਦੁਆਲੇ, ਜਨਤਕ ਜਾਇਦਾਦ, ਖਾਸ ਕਰਕੇ ਕੈਂਪਸ ਖੇਤਰ ਵਿੱਚ, ਸਰਵੇਖਣ ਅਤੇ ਨੁਕਸਾਨ ਨੂੰ ਰੋਕਣ ਲਈ ਚਾਰ ਟੀਮਾਂ ਵਾਲੀ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਪ੍ਰੋਕਟਰ ਦੇ ਦਫ਼ਤਰ ਅਤੇ ਡੀਯੂਐਸਯੂ 2023 ਚੋਣ ਕਮੇਟੀ ਦੇ ਨਾਲ ਰੋਜ਼ਾਨਾ ਦੇ ਆਧਾਰ ’ਤੇ ਕੰਮ ਕਰੇਗੀ।
ਸਾਰੇ ਵਿਦਿਆਰਥੀ ਯੂਨੀਅਨਾਂ ਦੇ ਉਮੀਦਵਾਰ, ਚੋਣ ਜ਼ਾਬਤੇ, ਡੀਯੂਐੱਸਯੂ ਦਾ ਸੰਵਿਧਾਨ, ਵਿਦਿਆਰਥੀ ਯੂਨੀਅਨਾਂ ਨੂੰ ਲਿੰਗਦੋਹ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਪਾਲਣਾ ਨਾ ਕਰਨ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਿਸ ਵਿੱਚ ਉਲੰਘਣਾ ਕਰਨ ਵਾਲੇ ਦੀ ਗ੍ਰਿਫਤਾਰੀ ਅਤੇ ਉਮੀਦਵਾਰ ਨੂੰ ਚੋਣ ਤੋਂ ਅਯੋਗ ਕਰਾਰ ਦਿੱਤਾ ਜਾਵੇਗਾ। ਯੂਨੀਵਰਸਿਟੀ ਵਿੱਚ ਦਾਖ਼ਲਿਆਂ ਦਾ ਦੌਰ ਆਖ਼ਰੀ ਗੇੜ ਵਿੱਚ ਪਹੁੰਚਣ ਮਗਰੋਂ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਦੀ 2023-24 ਦੀ ਚੋਣ ਲਈ ਕੌਮੀ ਰਾਜਧਾਨੀ ਦੀਆਂ ਵਿਦਿਆਰਥੀ ਜੱਥੇਬੰਦੀਆਂ ਵੱਲੋਂ ਨਵੇਂ ਵਿਦਿਆਰਥੀਆਂ ਵਿੱਚ ਪੈਠ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ। ਅਗਲੇ ਸਾਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿਦਿਆਰਥੀ ਰਾਜਨੀਤੀ ਵਿੱਚ ‘ਡੂਸੂ’ ਚੋਣਾਂ ਜਿੱਤਣ ਵਾਲੀ ਧਿਰ ਅਸਰਦਾਰ ਰਹਿੰਦੀ ਆਈ ਹੈ। ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਉਪਰ ਬੀਤੇ ਦਹਾਕੇ ਤੋਂ ਭਾਜਪਾ ਦੀ ਅਖ਼ਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਕਾਬਜ਼ ਰਹੀ ਹੈ। ਉਸ ਦਾ ਮੁੱਖ ਮੁਕਾਬਲਾ ਕਾਂਗਰਸ ਦੇ ਵਿਦਿਆਰਥੀ ਵਿੰਗ ਨੈਸ਼ਨਲ ਸਟੂੂਡੈਂਟਸ ਯੂਨੀਅਨ ਆਫ ਇੰਡੀਆ (ਐਨਐੱਸਯੂਆਈ) ਨਾਲ ਰਿਹਾ ਹੈ। ਕੁੱਝ ਕਾਲਜਾਂ ਵਿੱਚ ਖੱਬੀਆਂ ਧਿਰਾਂ ਦੇ ਵਿਦਿਆਰਥੀ ਵਿੰਗ ਵੀ ਅਸਰ ਰੱਖਦੇ ਹਨ ਪਰ ਉਹ ਕਈ ਦਹਾਕਿਆਂ ਤੋਂ ਡੂਸੂ ਦੀ ਪ੍ਰਧਾਨਗੀ ਨਹੀਂ ਜਿੱਤੀ।