ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਦਸੰਬਰ
ਭਾਜਪਾ ਵੱਲੋਂ ਦਿੱਲੀ ਸਰਕਾਰ ਉਪਰ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਖਰਚਣ ਦਾ ਦੋਸ਼ ਲਾਇਆ, ਜਿਸਦਾ ਜਵਾਬ ‘ਆਪ’ ਨੇ ਭਾਜਪਾ ਦੀ ਯੋਗੀ ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ’ਤੇ ਕੀਤੇ ਖਰਚ ਦਾ ਜ਼ਿਕਰ ਕਰਕੇ ਮੋੜਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ਼ਤਿਹਾਰਾਂ ਦੇ ਖਰਚੇ ਨੂੰ ਬੇਲੋੜਾ ਖਰਚਾ ਦੱਸਣ ’ਤੇ ‘ਆਪ’ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਦਿੱਲੀ ਵਿੱਚ ਕੀਤੀ ਇਸ਼ਤਿਹਾਰਬਾਜ਼ੀ ’ਤੇ ਸਵਾਲ ਚੁੱਕੇ ਹਨ। ‘ਆਪ’ ਨੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਦਿੱਲੀ ਸਰਕਾਰ ਇਕ ਸਾਲ ਵਿਚ ਇਸ਼ਤਿਹਾਰਾਂ ’ਤੇ 70 ਕਰੋੜ ਰੁਪਏ ਖਰਚ ਕਰਦੀ ਹੈ, ਜਦੋਂ ਕਿ ਯੋਗੀ ਸਰਕਾਰ ਸਾਲਾਨਾ 2,000 ਕਰੋੜ ਰੁਪਏ ਖਰਚ ਕਰਦੀ ਹੈ। ਭਾਜਪਾ ਦੇ ਅਧੀਨ ਦਿੱਲੀ ਨਗਰ ਨਿਗਮਾਂ ਦਾ ਸਾਰਾ ਪੈਸਾ ਭਾਜਪਾ ਆਗੂਆਂ ਦੀਆਂ ਜੇਬਾਂ ਵਿੱਚ ਜਾਂਦਾ ਹੈ। ‘ਆਪ’ ਨੇ ਕਿਹਾ ਕਿ ਦਿੱਲੀ ਦੇ ਅਖਬਾਰਾਂ ਵਿੱਚ ਹਰ ਰੋਜ਼ ਯੋਗੀ ਜੀ ਅਤੇ ਮੋਦੀ ਜੀ ਦੇ ਇਸ਼ਤਿਹਾਰ ਛਪਦੇ ਹਨ। ਇਸ ਮੌਕੇ ਕੌਮੀ ਰਾਜਧਾਨੀ ’ਚ ਦਿੱਲੀ ਸਰਕਾਰ ਦੇ ਸਿਰਫ 108 ਹੋਰਡਿੰਗ ਹਨ। ਇਸ ਦੇ ਉਲਟ ਦਿੱਲੀ ਵਿੱਚ ਯੋਗੀ ਜੀ ਅਤੇ ਮੋਦੀ ਜੀ ਦੇ 850 ਹੋਰਡਿੰਗ ਲੱਗੇ ਹੋਏ ਹਨ। ਆਪ’ ਦਾ ਇਹ ਬਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਦਿੱਲੀ ਨਗਰ ਨਿਗਮਾਂ ਦੇ ਬਕਾਏ ਦਾ ਭੁਗਤਾਨ ਕਰਨ ਦੀ ਬਜਾਏ ਇਸ਼ਤਿਹਾਰਾਂ ’ਤੇ ਬੇਲੋੜਾ ਪੈਸਾ ਖਰਚ ਕਰਨ ’ਤੇ ਵਿਅੰਗ ਕੀਤੇ ਜਾਣ ਤੋਂ ਬਾਅਦ ਆਇਆ ਹੈ।