ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਮਈ
ਦੱਖਣੀ ਦਿੱਲੀ ਦੇ ਤਿੱਗੜੀ ’ਚ ਇੱਕ ਪੁਰਾਣੇ ਗੁਰਦੁਆਰੇ ਦੀ ਜ਼ਮੀਨ ਨੂੰ ਤਤਕਾਲੀ ਅਹੁਦੇਦਾਰ ਵੱਲੋਂ ਹੀ ਅੱਗੇ ਵੇਚ ਦੇਣ ਦੇ ਮਾਮਲੇ ਦੀ ਅਦਾਲਤੀ ਸੁਣਵਾਈ ਅਹਿਮ ਪੜਾਅ ’ਚ ਦਾਖ਼ਲ ਹੋ ਗਈ ਹੈ। ਗੁਰਦੁਆਰੇ ਦੀ ਦੇਖ-ਭਾਲ ਕਰਦੀ ਬਲਬੀਰ ਕੌਰ ਨੇ ਮੌਕੇ ਦੇ ਹਾਲਤ ਦਿਖਾਏ। ਉਸ ਦੇ ਵਕੀਲ ਇੰਦਰ ਚੰਦ ਨੇ ਦੱਸਿਆ ਕਿ ਤਿੱਗੜੀ ਦੇ ਉਸ ਗੁਰਦੁਆਰੇ ਦੀ ਜ਼ਮੀਨ ਦੀ ਰਜਿਸਟਰੀ ਤਤਕਾਲੀ ਪ੍ਰਧਾਨ ਸਤਨਾਮ ਸਿੰਘ ਨੇ ਆਪਣੇ ਨਾਂ ਕਰਵਾਈ ਤੇ ਅੱਗੋਂ ਮੋਟੀ ਰਕਮ ’ਚ ਸਿੰਧੀ ਸਮਾਜ ਦੀ ਸੰਸਥਾ ਸੰਤ ਸ਼ਦਾਣੀ ਸਥਾਨ ਨੂੰ ਦੇ ਦਿੱਤੀ। ਵਕੀਲ ਨੇ ਦੱਸਿਆ ਕਿ ਇਹ ਗੁਰਦੁਆਰਾ ਚੰਦੇਲ ਸਿੰਘ ਨਾਂ ਦੇ ਵਿਅਕਤੀ ਨੇ ਸੰਗਤ ਦੇ ਪੈਸੇ ਨਾਲ ਬਣਾਇਆ ਸੀ ਤੇ ਇੱਥੇ ਹੋਰ ਧਰਮਾਂ ਦਾ ਸਤਿਕਾਰ ਵੀ ਹੁੰਦਾ ਸੀ ਪਰ ਬਾਅਦ ਦੇ ਪ੍ਰਧਾਨ ਨੇ ਉਕਤ ਥਾਂ ਸਿੰਧੀਆਂ ਨੂੰ ਦੇ ਦਿੱਤੀ। ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਦੱਸਿਆ ਕਿ ਇਸ ਸਥਾਨ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਬੰਦਾ ਸਿੰਘ ਬਹਾਦਰ ਦੇ ਚਾਰ ਸਾਥੀਆਂ ਨੂੰ ਵੀ ਇਸ ਥਾਂ ਉਪਰ ਲਿਆਂਦਾ ਗਿਆ ਸੀ ਪਰ ਇਸ ਤੱਥ ਦਾ ਕੋਈ ਇਤਿਹਾਸਕ ਹਵਾਲਾ ਨਹੀਂ ਹੈ। ਬਲਬੀਰ ਕੌਰ ਨੇ ਕਿਹਾ ਕਿ ਉਹ ਇਸ ਜ਼ਮੀਨ ਲਈ ਸੰਘਰਸ਼ ਕਰ ਰਹੀ ਹੈ। ਦਿੱਲੀ ਕਮੇਟੀ ਦੇ ਸਥਾਨਕ ਮੈਂਬਰ ਗੁਰਪ੍ਰੀਤ ਸਿੰਘ ਜੱਸਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਵੀ ਹੈ। ਉਨ੍ਹਾਂ ਤੋਂ ਪਹਿਲਾਂ ਦੇ ਮੈਂਬਰ ਦੇ ਧਿਆਨ ’ਚ ਵੀ ਮਾਮਲਾ ਲਿਆਂਦਾ ਗਿਆ ਪਰ ਹੱਲ ਨਾ ਨਿਕਲਿਆ।