ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਜੂਨ
ਮੁੱਖ ਅੰਸ਼
- ਦੇਰੀ ਨਾਲ ਦਿੱਤੀ ਜਾ ਰਹੀ ਹੈ ਕਰੋਨਾ ਬਾਰੇ ਰਿਪੋਰਟ: ਰਾਘਵ
ਦਿੱਲੀ ਵਿੱਚ ਕੋਵਿਡ-19 ਦੇ ਮਾਮਲੇ ਦਿਨੋਂ-ਦਿਨ ਵਧਣ ਦੌਰਾਨ ਜਿੱਥੇ ਵਿਰੋਧੀ ਧਿਰਾਂ ਵੱਲੋਂ ਕੇਜਰੀਵਾਲ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉੱਥੇ ਹੁਣ ‘ਆਪ’ ਦੇ ਵਿਧਾਇਕ ਰਾਘਵ ਚੱਢਾ ਵੱਲੋਂ ਕਰੋਨਾਵਾਇਰਸ ਦੇ ਮਰੀਜ਼ਾਂ ਬਾਰੇ ਗ਼ਲਤ ਜਾਣਕਾਰੀ ਦੇਣ ਦਾ ਦੋਸ਼ ਲਾਇਆ ਗਿਆ ਹੈ।
ਵੀਡੀਓ ਕਾਨਫਰੰਸਿੰਗ ਦੌਰਾਨ ਸ੍ਰੀ ਚੱਢਾ ਨੇ ਕਿਹਾ ਕਿ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਪ੍ਰਬੰਧਕਾਂ ਨੇ ਕਰੋਨਾ ਪਾਜ਼ੇਟਿਵ ਮਾਮਲਿਆਂ ਦੀ ਗ਼ਲਤ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨੇ ਸਰਕਾਰ ਤੇ ਹਾਈਕੋੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ 30 ਲੋਕਾਂ ਨੂੰ ਕਰੋਨਾ ਪਾਜ਼ੇਟਿਵ ਐਲਾਨ ਦਿੱਤਾ ਸੀ, ਪਰ ਸਰਕਾਰੀ ਜਾਂਚ ਦੌਰਾਨ ਉਨ੍ਹਾਂ ਵਿੱਚੋਂ ਸਿਰਫ਼ 12 ਜਣਿਆਂ ਦੀ ਹੀ ਰਿਪੋਰਟ ਪਾਜ਼ੇਟਿਵ ਸੀ। ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਬੰਧਕ ਗ਼ਲਤ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਸਬੰਧੀ ਰਿਪੋਰਟਾਂ ਦੇਣ ਵਿੱਚ ਵੀ ਦੇਰੀ ਕੀਤੀ ਜਾ ਰਹੀ ਹੈ ਤੇ ਕਈ ਮਾਮਲਿਆਂ ਵਿੱਚ 3 ਤੋਂ 31 ਦਿਨਾਂ ਤੱਕ ਦੀ ਦੇਰੀ ਕੀਤੀ ਗਈ, ਜਦਕਿ ਰਿਪੋਰਟ 48 ਘੰਟਿਆਂ ਵਿੱਚ ਦੇਣੀ ਹੁੰਦੀ ਹੈ। ਰਾਜਿੰਦਰ ਨਗਰ ਤੋਂ ਵਿਧਾਇਕ ਰਾਘਵ ਚੱਢਾ ਨੇ ਦਿੱਲੀ ਵਾਸੀਆਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਤੋਂ ਇਲਾਜ ਕਰਵਾਉਣ ਤੋਂ ਬਚਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਉੱਥੇ ਕਰੋਨਾ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ ਕਿਉਂਕਿ ਉਪਰੋਕਤ ਹਸਪਤਾਲ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਿਹਾ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਆਦੇਸ਼ ਗੁਪਤਾ ਸਮੇਤ ਕਾਂਗਰਸ ਦੇ ਸੂਬਾ ਆਗੂਆਂ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਦਿੱਲੀ ਸਰਕਾਰ ਕਰੋਨਾ ਕਾਰਨ ਮਰੇ ਲੋਕਾਂ ਦੀ ਸਹੀ ਜਾਣਕਾਰੀ ਨਹੀਂ ਦੱਸ ਰਹੀ ਤੇ ਮੌਤਾਂ ਦੇ ਅੰਕੜਿਆਂ ਵਿੱਚ ਮੇਲ ਨਹੀਂ ਹੈ।