Abhijit Dipke ਵੱਲੋਂ ਸ਼ੁੱਕਰਵਾਰ ਨੂੰ ਤਿਰੰਗੇ ਨਾਲ ਦਿੱਲੀ ਦੇ ਕਨਾਟ ਪਲੇਸ ਵਿਖੇ ਇਕੱਠੇ ਹੋਣ ਦਾ ਸੱਦਾ
ਜੰਤਰ-ਮੰਤਰ ਵਿਖੇ ਜ਼ਬਰਦਸਤੀ ਦਾਖ਼ਲ ਹੋਣ 'ਤੇ ਤਿਹਾੜ ਜੇਲ੍ਹ ਭੇਜੇ ਗਏ CJP ਮੈਂਬਰ
ਕੌਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਆਪਣੇ ਸਮਰਥਕਾਂ ਨੂੰ ਸ਼ੁੱਕਰਵਾਰ ਨੂੰ ਦਿੱਲੀ ਦੇ ਵਪਾਰਕ ਕੇਂਦਰ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿੱਚ ਕੌਮੀ ਝੰਡੇ ਨਾਲ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੀ ਜੇ ਪੀ ਮੈਂਬਰਾਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ "ਸਿਰਫ਼ ਤਿਰੰਗਾ ਲਹਿਰਾਉਣ ਕਰਕੇ ਜੇਲ੍ਹ ਭੇਜਿਆ ਗਿਆ ਹੈ"।
ਦੀਪਕੇ ਨੇ ਬੁੱਧਵਾਰ ਨੂੰ ‘ਐਕਸ’ (X) ’ਤੇ ਕਿਹਾ, "ਅਸੀਂ ਦਿਖਾਵਾਂਗੇ ਕਿ ਤਿਰੰਗਾ ਲਹਿਰਾਉਣਾ ਕੋਈ ਅਪਰਾਧ ਨਹੀਂ ਹੈ।" ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਸ਼ਹਿਰਾਂ ਵਿੱਚ 'ਤਿਰੰਗਾ ਮਾਰਚ' ਕੱਢਣ ਲਈ ਕਿਹਾ ਜੋ ਦਿੱਲੀ ਨਹੀਂ ਆ ਸਕਦੇ। ਉਨ੍ਹਾਂ ਨੇ ਇਹ ਖਦਸ਼ਾ ਵੀ ਪ੍ਰਗਟਾਇਆ ਕਿ ਉਨ੍ਹਾਂ ਨੂੰ ਵੀ ਜੇਲ੍ਹ ਭੇਜਿਆ ਜਾ ਸਕਦਾ ਹੈ।
ਇਹ ਸੱਦਾ ਉਸ ਦਿਨ ਆਇਆ ਹੈ ਜਦੋਂ ਸੌਰਵ ਦਾਸ ਅਤੇ ਰਾਂਕਾ ਨੂੰ ਕਥਿਤ ਤੌਰ 'ਤੇ ਜੰਤਰ-ਮੰਤਰ (ਜਿਸ ਨੂੰ ਹੁਣ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ) ਵਿੱਚ ਜ਼ਬਰਦਸਤੀ ਦਾਖਲ ਹੋਣ ਦੇ ਦੋਸ਼ ਵਿੱਚ ਪੰਜ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਕੇ ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।
ਮੰਗਲਵਾਰ ਨੂੰ ਪੁਲੀਸ ਮੁਲਾਜ਼ਮਾਂ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ, ਤਿਰੰਗਾ ਫੜੀ ਸੀ ਜੇ ਪੀ ਮੈਂਬਰਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ।
ਦੀਪਕੇ ਨੇ ਕਿਹਾ, "ਜਿਵੇਂ ਕਿ ਤੁਸੀਂ ਜਾਣਦੇ ਹੋ, ਸੌਰਵ ਅਤੇ ਆਸ਼ੂ ਨੂੰ ਸਿਰਫ਼ ਤਿਰੰਗਾ ਲਹਿਰਾਉਣ ਲਈ ਜੇਲ੍ਹ ਵਿੱਚ ਡੱਕਿਆ ਗਿਆ ਹੈ। ਮੈਂ ਤਿਰੰਗੇ ਨੂੰ ਪਿਆਰ ਕਰਨ ਵਾਲੇ ਸਾਰੇ ਦੇਸ਼ ਭਗਤਾਂ ਨੂੰ ਅਪੀਲ ਕਰਦਾ ਹਾਂ ਕਿ ਉਹ 16 ਅਕਤੂਬਰ ਨੂੰ ਸ਼ਾਮ 5 ਵਜੇ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿੱਚ ਕੌਮੀ ਝੰਡਾ ਲੈ ਕੇ ਪਹੁੰਚਣ। ਅਸੀਂ ਦਿਖਾਵਾਂਗੇ ਕਿ ਤਿਰੰਗਾ ਲਹਿਰਾਉਣਾ ਕੋਈ ਅਪਰਾਧ ਨਹੀਂ ਹੈ।"
ਉਨ੍ਹਾਂ ਅਪੀਲ ਕਰਦਿਆਂ ਕਿਹਾ, "ਜੋ ਲੋਕ ਦਿੱਲੀ ਨਹੀਂ ਆ ਸਕਦੇ, ਉਹ ਸ਼ਾਮ ਨੂੰ ਆਪਣੇ ਸ਼ਹਿਰਾਂ ਵਿੱਚ ਤਿਰੰਗਾ ਮਾਰਚ ਕੱਢਣ ਅਤੇ ਦਿਖਾਉਣ ਕਿ ਤਿਰੰਗਾ ਸਾਡੀ ਸ਼ਾਨ ਹੈ।" ਸੀ ਜੇ ਪੀ ਸੰਸਥਾਪਕ ਨੇ ਕਿਹਾ, "ਇਸ ਤੋਂ ਬਾਅਦ ਮੈਨੂੰ ਵੀ ਜੇਲ੍ਹ ਹੋ ਸਕਦੀ ਹੈ, ਪਰ ਮੈਨੂੰ ਕੋਈ ਚਿੰਤਾ ਨਹੀਂ ਹੈ। ਤਿਰੰਗਾ ਮੇਰੀ ਸ਼ਾਨ ਹੈ ਅਤੇ ਮੈਂ ਇਸਨੂੰ ਬੁਲੰਦ ਕਰਾਂਗਾ।"

