ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਦਸੰਬਰ
ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਨਗਰ ਨਿਗਮ ਵਿੱਚ ਭਾਜਪਾ ਦੀ 15 ਸਾਲ ਦੀ ਸੱਤਾ ਨੂੰ ਖ਼ਤਮ ਕਰਦੇ ਹੋਏ ਕੁੱਲ 250 ਵਾਰਡਾਂ ਵਿੱਚੋਂ 134 ਵਿੱਚ ਜਿੱਤ ਦੇ ਝੰਡੇ ਗੱਡੇ ਹਨ। ਭਾਜਪਾ ਨੂੰ 104 ਵਾਰਡਾਂ ਵਿੱਚ ਜਿੱਤ ਮਿਲੀ ਹੈ ਤੇ ਕਾਂਗਰਸ ਸਿਰਫ਼ 9 ਵਾਰਡਾਂ ‘ਚ ਸਿਮਟ ਕੇ ਰਹਿ ਗਈ ਹੈ ਜਦੋਂ ਕਿ 3 ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ, ਜਿਨ੍ਹਾਂ ਵਿੱਚ ਉੱਤਰ-ਪੂਰਬੀ ਦਿੱਲੀ ਦੇ ਸੀਲਮਪੁਰ ਤੋਂ ਸ਼ਕੀਲਾ ਬੇਗ਼ਮ ਵੀ ਸ਼ਾਮਲ ਹੈ। ਨਿਗਮ ਚੋਣਾਂ ਲਈ 42 ਕੇਂਦਰਾਂ ਵਿੱਚ ਹੋਈ ਗਿਣਤੀ ਦੌਰਾਨ ‘ਆਪ’ ਨੇ ਬਹੁਮਤ ਲਈ ਲੋੜੀਂਦਾ 126 ਦਾ ਅੰਕੜਾ ਬਾਅਦ ਦੁਪਹਿਰ ਪਾਰ ਕਰ ਲਿਆ ਸੀ। ਹਾਲਾਂਕਿ ਵੋਟਾਂ ਦੀ ਗਿਣਤੀ ਦੌਰਾਨ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਅੱਗੇ ਨਿਕਲਦੀ ਦਿਖਾਈ ਦਿੱਤੀ ਸੀ। ਚੋਣ ਸਰਵੇਖਣਾਂ ਵਿੱਚ ਦਿੱਲੀ ਐੱਮਸੀਡੀ ਚੋਣਾਂ ‘ਚ ਭਾਜਪਾ ਨੂੰ ਵੱਡੀ ਹਾਰ ਮਿਲਣ ਦੀ ਸੰਭਾਵਨਾ ਜਤਾਈ ਗਈ ਸੀ, ਪਰ ਭਗਵਾਂ ਪਾਰਟੀ 104 ਵਾਰਡਾਂ ‘ਤੇ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀ। ਐੱਮਸੀਡੀ ਚੋਣਾਂ ਵਿੱਚ 50.48 ਫੀਸਦੀ ਵੋਟਿੰਗ ਹੋਈ ਸੀ। ਇਸ ਸਾਲ ਦੇ ਸ਼ੁਰੂ ਵਿੱਚ ਦਿੱਲੀ ਨਗਰ ਨਿਗਮ ਦੇ ਮੁੜ ਏਕੀਕਰਨ ਤੋਂ ਬਾਅਦ ਇਹ ਪਹਿਲੀ ਚੋਣ ਸੀ। ਪੰਜ ਸਾਲ ਪਹਿਲਾਂ ਭਾਜਪਾ ਨੇ 270 ਮਿਉਂਸਿਪਲ ਵਾਰਡਾਂ ਵਿੱਚੋਂ 181 ਜਿੱਤੇ ਸਨ, ਜਦੋਂ ਕਿ ‘ਆਪ’ ਦੇ ਹਿੱਸੇ 48 ਵਾਰਡ ਆਏ ਸਨ। ਕਾਂਗਰਸ ਉਦੋਂ 30 ਵਾਰਡਾਂ ਨਾਲ ਤੀਜੇ ਸਥਾਨ ‘ਤੇ ਰਹੀ ਸੀ।
ਸਰਕਾਰ ਮਗਰੋਂ ਹੁਣ ਨਗਰ ਨਿਗਮ ਦੀ ਕਮਾਨ ਸੰਭਾਲਣ ਜਾ ਰਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਨਤੀਜਿਆਂ ਮਗਰੋਂ ਪਾਰਟੀ ਹੈੱਡਕੁਆਟਰ ਦੀ ਛੱਤ ਤੋਂ ‘ਆਪ’ ਕਾਰਕੁਨਾਂ ਤੇ ਆਗੂਆਂ ਨੂੰ ਸੰਬੋਧਨ ਕੀਤਾ। ਸ੍ਰੀ ਕੇਜਰੀਵਾਲ ਨੇ ਭਾਜਪਾ ਤੇ ਕੇਂਦਰ ਸਰਕਾਰ ਖ਼ਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਠੀਕ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ”ਮੈਂ ਨਿਗਮ ਚੋਣਾਂ ਵਿੱਚ ਮਿਲੀ ਜਿੱਤ ਲਈ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ ਤੇ ਬਦਲਾਅ ਲਿਆਉਣ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਅਸੀਂ ਦਿੱਲੀ ਦੇ ਲੋਕਾਂ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ ਹੈ। ਮੈਂ ਹੁਣ ਦਿੱਲੀ ਲਈ ਕੰਮ ਕਰਨ ਲਈ ਭਾਜਪਾ ਤੇ ਕਾਂਗਰਸ ਦਾ ਸਹਿਯੋਗ ਚਾਹੁੰਦਾ ਹਾਂ। ਮੈਂ ਕੇਂਦਰ ਨੂੰ ਅਪੀਲ ਕਰਦਾ ਹਾਂ ਅਤੇ ਦਿੱਲੀ ਨੂੰ ਬਿਹਤਰ ਬਣਾਉਣ ਲਈ ਪ੍ਰਧਾਨ ਮੰਤਰੀ ਦਾ ਆਸ਼ੀਰਵਾਦ ਮੰਗਦਾ ਹਾਂ। ਅਸੀਂ ਐੱਮਸੀਡੀ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ। ਅੱਜ ਦਿੱਲੀ ਦੇ ਲੋਕਾਂ ਨੇ ਸਾਰੀ ਕੌਮ ਨੂੰ ਇੱਕ ਸੰਦੇਸ਼ ਦਿੱਤਾ ਹੈ।” ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਸਕੂਲਾਂ ਅਤੇ ਹਸਪਤਾਲਾਂ ਦੇ ਮੁੱਦਿਆਂ ‘ਤੇ ‘ਆਪ’ ਦੀ ਇਹ ਚੌਥੀ ਜਿੱਤ ਹੈ। ਪਾਰਟੀ ਨੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸਕਾਰਾਤਮਕ ਮੁਹਿੰਮ ਚਲਾਈ ਹੈ, ਸਾਨੂੰ ਇਸ ‘ਸਕਾਰਾਤਮਕ’ ਰਾਜਨੀਤੀ ਨੂੰ ਅੱਗੇ ਵਧਾਉਣਾ ਹੋਵੇਗਾ।” ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਸਿਸੋਦੀਆ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਫ਼ਤਵਾ ਦਿੱਤਾ ਹੈ। ਉਨ੍ਹਾਂ ਕਿਹਾ, ”ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਜਿਤਾਉਣ ਦਾ ਹੀ ਨਹੀਂ ਬਲਕਿ ਭਾਜਪਾ ਨੂੰ ਐੱਮਸੀਡੀ ਤੋਂ ਬਾਹਰ ਕਰਨ ਦਾ ਫ਼ਤਵਾ ਦਿੱਤਾ ਹੈ। ਇਹ ਸਿਰਫ਼ ਵੱਡੀ ਜਿੱਤ ਨਹੀਂ ਬਲਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੀ ਵੱਡੀ ਜ਼ਿੰਮੇਵਾਰੀ ਹੈ।” ਉਧਰ ‘ਆਪ’ ਦੇ ਰਾਊਸ ਐਵੇਨਿਊ ਸਥਿਤ ਦਫ਼ਤਰ ਦੇ ਬਾਹਰ ਇਕੱਠੇ ਹੋਏ ਪਾਰਟੀ ਵਰਕਰਾਂ ਨੇ ਢੋਲ ਦੇ ਡਗੇ ‘ਤੇ ਨੱਚ ਟੱਪ ਕੇ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਇਆ ਤੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਨਾਅਰੇ ਲਾਏ। ਪਾਰਟੀ ਦਾ ਝੰਡਾ ਚੁੱਕੀ ਹਮਾਇਤੀਆਂ ਨੇ ਮਠਿਆਈਆਂ ਵੀ ਵੰਡੀਆਂ। ਇਸ ਮੌਕੇ ਪਾਰਟੀ ਦਫ਼ਤਰ ਵਿੱਚ ਆਪ ਆਗੂ ਤੇ ਮੰਤਰੀ ਗੋਪਾਲ ਰਾਏ, ਆਤਿਸ਼ੀ ਤੇ ਦੁਰਗੇਸ਼ ਪਾਠਕ ਮੌਜੂਦ ਸਨ। ਕਾਬਿਲੇਗੌਰ ਹੈ ਕਿ ਵੋਟਾਂ ਦੀ ਗਿਣਤੀ ਮੌਕੇ ਸ਼ੁਰੂਆਤੀ ਰੁਝਾਨਾਂ ਵਿੱਚ ਲਗਪਗ ਇਕ-ਡੇਢ ਘੰਟੇ ਤੱਕ ਭਾਜਪਾ ਕਿਤੇ ਅੱਗੇ ਸੀ, ਪਰ ਹੌਲੀ ਹੌਲੀ ਰੁਝਾਨਾਂ ਵਿੱਚ ‘ਆਪ’ ਉਮੀਦਵਾਰਾਂ ਨੂੰ ਲੀਡ ਮਿਲਣ ਲੱਗੀ, ਜੋ ਆਖਰੀ ਨਤੀਜੇ ਐਲਾਨੇ ਜਾਣ ਤੱਕ ਜਾਰੀ ਰਹੀ। ‘ਆਪ’ ਆਗੂ ਰਾਘਵ ਚੱਢਾ ਨੇ ਕਿਹਾ, ”ਭਾਜਪਾ ਨੂੰ ਅੱਜ ਜਵਾਬ ਮਿਲ ਗਿਆ ਹੈ ਕਿ ਦਿੱਲੀ ਦੇ ਲੋਕ ਕੰਮ ਕਰਨ ਵਾਲਿਆਂ ਨੂੰ ਵੋਟ ਪਾਉਂਦੇ ਹਨ, ਨਾ ਕਿ ਉਨ੍ਹਾਂ ਨੂੰ ਜੋ ਬਦਨਾਮ ਕਰਦੇ ਹਨ। ਭਾਜਪਾ ਨੇ ਆਪਣੇ ਸੰਸਦ ਮੈਂਬਰਾਂ, ਮੰਤਰੀਆਂ, ਸੀਬੀਆਈ ਤੇ ਈਡੀ ਨੂੰ ਮੈਦਾਨ ਵਿੱਚ ਉਤਾਰਿਆ, ਪਰ ਦਿੱਲੀ ਦੇ ਲੋਕਾਂ ਨੇ ਫਿਰ ਵੀ ‘ਆਪ’ ਨੂੰ ਵੋਟ ਪਾਈ। ਲੋਕਾਂ ਨੇ ਭਾਜਪਾ ਵੱਲੋਂ ਕੇਜਰੀਵਾਲ ‘ਤੇ ਲਾਏ ਦੋਸ਼ਾਂ ਦਾ ਢੁੱਕਵਾਂ ਜਵਾਬ ਦਿੱਤਾ ਹੈ। ਅਸੀਂ ਦਿੱਲੀ ਨੂੰ ਵਿਸ਼ਵ ਦਾ ਸਭ ਤੋਂ ਖ਼ੂਬਸੂਰਤ ਸ਼ਹਿਰ ਬਣਾਵਾਂਗੇ।” ਉਧਰ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਦਸ ਸਾਲ ਪੁਰਾਣੀ ਪਾਰਟੀ ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ (ਭਾਜਪਾ) ਨੂੰ ਉਨ੍ਹਾਂ ਦੇ ਗੜ੍ਹ ਵਿੱਚ ਦਿੱਤੀ ‘ਹਾਰ’ ਤੋਂ ਸਾਫ਼ ਹੈ ਕਿ ”ਆਪ ਕੱਟੜ ਈਮਾਨਦਾਰ ਪਾਰਟੀ ਹੈ।”
ਗੁਜਰਾਤ ਵਿੱਚ ਵੀ ਚਮਤਕਾਰ ਹੋਵੇਗਾ: ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿੱਚ ਲੋਕਾਂ ਨੇ ‘ਆਪ’ ਵਿੱਚ ਭਰੋਸਾ ਪ੍ਰਗਟਾਇਆ ਹੈ, ਤੇ ਭਲਕੇ ਸ਼ਾਮ ਤੱਕ ਗੁਜਰਾਤ ਵਿੱਚ ਵੀ ਅਜਿਹਾ ਜਾਦੂ ਦੇਖਣ ਨੂੰ ਮਿਲੇਗਾ ਤੇ ਚਮਤਕਾਰ ਹੋਵੇਗਾ। ਦਿੱਲੀ ਦੇ ਆਪਣੇ ਹਮਰੁਤਬਾ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਪਾਰਟੀ ਦੇ ਕੌਮੀ ਦਫ਼ਤਰ ਪੁੱਜੇ ਸ੍ਰੀ ਮਾਨ ਨੇ ਕਿਹਾ ਕਿ ਅੱਜ ਵੀ ਐਗਜ਼ਿਟ ਪੋਲ ਗ਼ਲਤ ਸਾਬਤ ਹੋਏ ਤੇ ਭਲਕੇ ਵੀ ਚੋਣ ਸਰਵੇਖਣ ਗ਼ਲਤ ਹੋ ਸਕਦੇ ਹਨ ਤੇ ‘ਆਪ’ ਲਈ ਉੱਥੇ ਚਮਤਕਾਰ ਹੋਣ ਦੀ ਉਮੀਦ ਹੈ। ਮਾਨ ਨੇ ਕਿਹਾ ਕਿ ਗੁਜਰਾਤ ਦੇ ਨਤੀਜੇ, ਜਿੱਥੇ ਪਾਰਟੀ ਨੇ ਦਬਦਬਾ ਬਣਾਉਣ ਲਈ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ, ‘ਹੈਰਾਨੀਜਨਕ’ ਹੋਣਗੇ। ਉਨ੍ਹਾਂ ਵਿਅੰਗਮਈ ਸ਼ੈਲੀ ਵਿੱਚ ਕਿਹਾ ਕਿ ਇੱਕ ਮੁਰਗੇ ਦੇ ਸਿਰ ਉਪਰ ਵੀ ਕਲਗੀ ਹੁੰਦੀ ਹੈ। ਉਨ੍ਹਾਂ ਕਿਹਾ ਕਿ 10 ਸਾਲ ਦੀ ਹੋਈ ‘ਆਪ’ ਨੇ ਦਿੱਲੀ ਅਤੇ ਦਿਲ ਵੀ ਜਿੱਤੇ ਹਨ। ਪੰਜਾਬ ਸਰਕਾਰ ਵੱਲੋਂ ਘਟਾਏ ਗਏ ਬਿਜਲੀ ਦੇ ਬਿੱਲਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਨਵਰੀ ਤੋਂ ਸੂਬੇ ਦੇ 71 ਲੱਖ ਲੋਕਾਂ ਦੇ ਬਿਜਲੀ ਬਿੱਲ ‘ਸਿਫ਼ਰ’ ਆਉਣ ਲੱਗਣਗੇ। ਉਨ੍ਹਾਂ ਮੀਡੀਆ ਦੇ ਇੱਕ ਹਿੱਸੇ ਵੱਲੋਂ ਸਵੇਰੇ ਭਾਜਪਾ ਨੂੰ ਵਧਾਈ ਦੇਣ ਬਾਰੇ ਵੀ ਸਖ਼ਤ ਟਿੱਪਣੀ ਕੀਤੀ। ਕੌਮੀ ਰਾਜਧਾਨੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਲੋਕ ‘ਨਫ਼ਰਤ ਦੀ ਰਾਜਨੀਤੀ’ ਨੂੰ ਪਸੰਦ ਨਹੀਂ ਕਰਦੇ ਤੇ ਉਹ ਸਕੂਲਾਂ, ਹਸਪਤਾਲਾਂ, ਸਾਫ਼-ਸਫ਼ਾਈ ਤੇ ਬੁਨਿਆਦੀ ਢਾਂਚੇ ਲਈ ਵੋਟ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨਾਲ ਕਈ ਮੁੱਦਿਆਂ ‘ਤੇ ਗੱਲਬਾਤ ਹੋਈ ਹੈ। ਹੁਣ ਦਿੱਲੀ ਵਿੱਚ ਸਫਾਈ ਹੋਵੇਗੀ। ਜਿੱਤਣ ਵਾਲੇ ਉਮੀਦਵਾਰ ਪਾਰਟੀ ਦੇ ਨਾਲ ਹੀ ਰਹਿਣ ਦਾ ਭਰੋਸਾ ਜਤਾਉਂਦੇ ਹੋਏ ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਬਣਾਉਣ ਲਈ ਉਨ੍ਹਾਂ ਤੱਕ ਪਹੁੰਚ ਨਹੀਂ ਕਰੇਗੀ ਕਿਉਂਕਿ ‘ਆਪ’ ਦੇ ਉਮੀਦਵਾਰ ਵਿਕਣ ਲਈ ਨਹੀਂ ਹਨ।
ਪਾਰਟੀ ਵੋਟ ਸ਼ੇਅਰ ਨੂੰ ਕਾਇਮ ਰੱਖਣ ‘ਚ ਸਫ਼ਲ: ਭਾਜਪਾ
ਭਾਜਪਾ ਦੇ ਕੌਮੀ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ‘ਆਪ’ ਦੇ ਮੁਕਾਬਲੇ ਘੱਟ ਸੀਟਾਂ ਜਿੱਤਣ ਦੇ ਬਾਵਜੂਦ ਭਾਜਪਾ 15 ਸਾਲਾਂ ਬਾਅਦ ਵੀ ਆਪਣੇ ਵੱਲੋਂ ਕੀਤੇ ਕੰਮਾਂ ਦੇ ਅਧਾਰ ‘ਤੇ ਵੋਟ ਸ਼ੇਅਰ ਨੂੰ ਕਾਇਮ ਰੱਖਣ ਵਿੱਚ ਸਫ਼ਲ ਰਹੀ ਹੈ। ਉੱਤਰ-ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਇਕ ਟਵੀਟ ਵਿੱਚ ਲਗਾਤਾਰ ਚੌਥੀ ਵਾਰ ਇੰਨੀਆਂ ਸੀਟਾਂ ਦੇਣ ਤੇ ਪਾਰਟੀ ਵਿਚ ਜਤਾਏ ਵਿਸ਼ਵਾਸ ਲਈ ਦਿੱਲੀ ਦੇ ਲੋਕਾਂ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ।