AAP ਨੇ ਕੇਂਦਰ ਸਰਕਾਰ ਘੇਰੀ
ਜੰਤਰ ਮੰਤਰ ’ਤੇ ਔਰਤਾਂ ਨਾਲ ਦੁਰਵਿਹਾਰ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਦੋਸ਼
ਆਮ ਆਦਮੀ ਪਾਰਟੀ ਨੇ ਜੰਤਰ ਮੰਤਰ ’ਤੇ ਮੁਜ਼ਾਹਰੇ ਦੌਰਾਨ ਔਰਤਾਂ ਨਾਲ ਦੁਰਵਿਹਾਰ ਕਰਨ ਅਤੇ ਹਮਲਾ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ‘ਆਪ’ ਦਿੱਲੀ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਔਰਤਾਂ ਨਾਲ ਦੁਰਵਿਹਾਰ ਕਰਨ ਅਤੇ ਉਨ੍ਹਾਂ ’ਤੇ ਹਮਲਾ ਕਰਨ ਵਾਲੇ ਪੁਲੀਸ ਅਧਿਕਾਰੀਆਂ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ। ਬਦਕਿਸਮਤੀ ਨਾਲ ਪੁਲੀਸ ਅਧਿਕਾਰੀਆਂ ਦੀ ਪਛਾਣ ਹੋਣ ਤੋਂ ਬਾਅਦ ਵੀ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਸੂਰਵਾਰ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਘਾਟ ਦਾ ਮਤਲਬ ਹੈ ਕਿ ਇਸ ਬੇਰਹਿਮੀ ਨੂੰ ਸਰਕਾਰ ਦੀ ਉੱਚ ਪੱਧਰ ’ਤੇ ਪ੍ਰਵਾਨਗੀ ਸੀ। ਸੌਰਭ ਭਾਰਦਵਾਜ ਨੇ ਐਕਸ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਪੁਲੀਸ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਸਾਰਿਆਂ ਦੀ ਪਛਾਣ ਹੋ ਗਈ ਹੈ, ਪਰ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਦਿੱਲੀ ਪੁਲੀਸ ਕਮਿਸ਼ਨਰ ਨੂੰ ਇਸ ਲਈ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਹਜ਼ਾਰਾਂ ਵੀਡੀਓਜ਼ ਮੌਜੂਦ ਹਨ ਜਿਨ੍ਹਾਂ ਵਿੱਚ ਡੀ ਸੀ ਪੀ ਪੱਧਰ ਦੇ ਪੁਲੀਸ ਅਧਿਕਾਰੀਆਂ ਨੂੰ ਔਰਤਾਂ ਨਾਲ ਦੁਰਵਿਹਾਰ ਅਤੇ ਹਮਲਾ ਕਰਦੇ ਹੋਏ ਸਪੱਸ਼ਟ ਤੌਰ ’ਤੇ ਪਛਾਣਿਆ ਜਾ ਸਕਦਾ ਹੈ। ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆਏ ਹਨ, ਫਿਰ ਵੀ ਸਰਕਾਰ ਨੇ ਅਜੇ ਤੱਕ ਕਿਸੇ ਵੀ ਅਧਿਕਾਰੀ ’ਤੇ ਐੱਫਆਈਆਰ ਦਰਜ ਨਹੀਂ ਕੀਤੀ ਹੈ, ਨਾ ਹੀ ਉਸ ਨੂੰ ਮੁਅੱਤਲ ਕੀਤਾ ਹੈ ਅਤੇ ਨਾ ਹੀ ਬਰਖ਼ਾਸਤ ਕੀਤਾ ਹੈ।

