ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਕਤੂਬਰ
‘ਆਪ’ ਨੇ ਵੀਰਵਾਰ ਨੂੰ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਪੁੱਛਿਆ ਕਿ ਉਨ੍ਹਾਂ ਨੇ 6,000 ਕਰੋੜ ਰੁਪਏ ਦੇ ਕਥਿਤ ਟੌਲ ਟੈਕਸ ਘੁਟਾਲੇ ਦੀ ਜਾਂਚ ਦੇ ਹੁਕਮ ਕਿਉਂ ਨਹੀਂ ਦਿੱਤੇ ਹਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋ ਮਹੀਨੇ ਪਹਿਲਾਂ ਇਸ ਸਬੰਧ ਵਿੱਚ ਦਸਤਾਵੇਜ਼ਾਂ ਨਾਲ ਸ਼ਿਕਾਇਤ ਭੇਜੀ ਸੀ। ‘ਆਪ’ ਆਗੂ ਨੇ ਮੰਗ ਕੀਤੀ ਕਿ ਐੱਲ.ਜੀ. ਕਥਿਤ ਟੌਲ ਟੈਕਸ ਘੁਟਾਲੇ ਦੀ ਜਾਂਚ ਦੇ ਹੁਕਮ ਦੇਣ। ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਦਿੱਲੀ ਨਗਰ ਨਿਗਮ ਚੋਣ ਇੰਚਾਰਜ ਦੁਰਗੇਸ਼ ਪਾਠਕ ਨੇ ਹੈਰਾਨੀ ਪ੍ਰਗਟਾਈ ਕਿ ਕੀ ਸਕਸੈਨਾ ’ ਚ ਕਥਿਤ ਘੁਟਾਲੇ ਦੀ ਜਾਂਚ ਦੇ ਹੁਕਮ ਦੇਣ ਲਈ ਹਿੰਮਤ ਨਹੀਂ ਕਿਉਂਕਿ ਭਾਜਪਾ ਦੇ ਕੁਝ ਬਹੁਤ ਸੀਨੀਅਰ ਨੇਤਾ ਇਸ ਵਿੱਚ ਸ਼ਾਮਲ ਸਨ। ਉਪ ਰਾਜਪਾਲ ਦਫਤਰ ਤੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ। ਪਾਠਕ ਨੇ ਕਿਹਾ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਘੁਟਾਲੇ ਦੀ ਜਾਂਚ ਲਈ ਦਸਤਾਵੇਜ਼ਾਂ ਸਮੇਤ ਉਪ ਰਾਜਪਾਲ ਨੂੰ ਪੱਤਰ ਭੇਜ ਕੇ ਲਗਭਗ ਦੋ ਮਹੀਨੇ ਹੋ ਗਏ ਹਨ। ਜਾਂਚ ਦੇ ਆਦੇਸ਼ ਨੂੰ ਛੱਡੋ ਉਪ ਰਾਜਪਾਲ ਨੇ ਹੁਣ ਤੱਕ ਸਿਸੋਦੀਆ ਦੇ ਪੱਤਰ ਦੀ ਰਸੀਦ ਵੀ ਨਹੀਂ ਭੇਜੀ ਹੈ। ਪਾਠਕ ਨੇ ਦੋਸ਼ ਲਗਾਇਆ ਕਿ ਐੱਲਜੀ ਹਰ ਦੂਜੇ ਦਿਨ ਬਿਨਾਂ ਕਿਸੇ ਸਬੂਤ ਦੇ ‘ਆਪ’ ਸਰਕਾਰ ਵਿਰੁੱਧ ਜਾਂਚ ਦੇ ਹੁਕਮ ਦਿੰਦੇ ਹਨ। ਜਿੰਨੀ ਚਾਹੋ ਪੜਤਾਲ ਕਰੋ ਪਰ ਉਪ ਰਾਜਪਾਲ ਦੇ ਟੌਲ ਟੈਕਸ ਘੁਟਾਲੇ ਦੀ ਜਾਂਚ ਦੇ ਆਦੇਸ਼ ਦੇਣ ਤੋਂ ਕਿਉਂ ਭੱਜਦੇ ਹਨ।