ਪਾਣੀ ਦੀ ਕਿੱਲਤ ਖ਼ਿਲਾਫ਼ AAP ਦਾ ਮੁਜ਼ਾਹਰਾ
ਘਡ਼ੇ ਭੰਨ ਕੇ ਰੋਸ ਜਤਾਇਆ; ਮੁੱਖ ਮੰਤਰੀ ਰੇਖਾ ਗੁਪਤਾ ਖ਼ਿਲਾਫ਼ ਨਾਅਰੇਬਾਜ਼ੀ
ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਦੇ ਕਈ ਇਲਾਕਿਆਂ ’ਚ ਕਥਿਤ ਜਲ ਸੰਕਟ ਅਤੇ ਭਾਰਤ ਜਨਤਾ ਪਾਰਟੀ ਦੀ ਸਰਕਾਰ ਦੇ ਕਾਰਜਕਾਲ ’ਚ ਪਾਣੀ ਸਪਲਾਈ ਘਟਣ ਦਾ ਦੋਸ਼ ਲਾਉਂਦਿਆਂ ਅੱਜ ਰਾਜਧਾਨੀ ’ਚ ‘ਘੜੇ ਭੰਨ’ ਪ੍ਰਦਰਸ਼ਨ ਕੀਤਾ। ‘ਆਪ’ ਆਗੂਆਂ ਤੇ ਕਾਰਕੁਨਾਂ ਨੇ ਪਾਰਟੀ ਵਿਧਾਇਕ ਕੁਲਦੀਪ ਕੁਮਾਰ ਦੀ ਅਗਵਾਈ ਹੇਠ ਮਯੂਰ ਵਿਹਾਰ ਫੇਜ਼-2 ਸਥਿਤ ਦਿੱਲੀ ਜਲ ਬੋਰਡ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਨੇ ਹੱਥਾਂ ’ਚ ਘੜੇ ਅਤੇ ‘ਰੇਖਾ ਗੁਪਤਾ ਪਾਣੀ ਦਿਓ’ ਅਤੇ ‘ਭਾਜਪਾ ਹਾਏ ਹਾਏ’ ਜਿਹੇ ਨਾਅਰੇ ਲਿਖੇ ਪੋਸਟਰ ਫੜੇ ਹੋਏ ਸਨ। ‘ਆਪ’ ਵੱਲੋਂ ਲਾਏ ਗਏ ਦੋਸ਼ਾਂ ’ਤੇ ਭਾਜਪਾ ਨੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਕੌਮੀ ਰਾਜਧਾਨੀ ਦੇ ਕਈ ਇਲਾਕਿਆਂ ਪੀਣ ਵਾਲੇ ਪਾਣੀ ਦੀ ਕਮੀ ਹੈ ਅਤੇ ਕਈ ਥਾਵਾਂ ’ਤੇ ਲੋਕਾਂ ਨੂੰ ਦੂਸ਼ਿਤ ਅਤੇ ਸੀਵਰ ਰਲਿਆ ਪਾਣੀ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਖੇਤਰਾਂ ’ਚ ਪਾਣੀ ਦੀ ਸਪਲਾਈ ’ਚ 20 ਫੀਸਦ ਤੋਂ ਵੱਧ ਦੀ ਕਮੀ ਆਈ ਹੈ ਅਤੇ ਭਾਜਪਾ ਸਰਕਾਰ ਦੀ ਨਾਕਾਮੀ ਕਾਰਨ ਕਈ ਜਲ ਸੋਧ ਪਲਾਂਟ ਬੰਦ ਪਏ ਹਨ। ਵਿਧਾਇਕ ਕੁਲਦੀਪ ਕੁਮਾਰ ਨੇ ਕਿਹਾ, ‘‘ਦਿੱਲੀ ਦੀ ਜਨਤਾ ਪਾਣੀ ਦੀ ਹਰ ਬੂੰਦ ਲਈ ਸੰਘਰਸ਼ ਕਰ ਰਹੀ ਹੈ ਜਦਕਿ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ।’’

