AAP Protest: ਆਮ ਆਦਮੀ ਪਾਰਟੀ ਵੱਲੋਂ ਪੁਲੀਸ ਹੈੱਡਕੁਆਰਟਰ ਅੱਗੇ ਮੁਜ਼ਾਹਰਾ
ਥੱਪਡ਼ ਮਾਰਨ ਦੇ ਮਾਮਲੇ ’ਚ ਕੈਬਨਿਟ ਮੰਤਰੀ ਪ੍ਰਵੇਸ਼ ਵਰਮਾ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ
ਆਮ ਆਦਮੀ ਪਾਰਟੀ (ਆਪ) ਵੱਲੋਂ ਨੌਜਵਾਨ ਦੇ ਥੱਪੜ ਮਾਰਨ ਦੇ ਮਾਮਲੇ ਵਿੱਚ ਭਾਜਪਾ ਆਗੂ ਅਤੇ ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਵਰਮਾ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਲਈ ਅੱਜ ਪੁਲੀਸ ਹੈੱਡਕੁਆਰਟਰ ਅੱਗੇ ਮੁਜ਼ਾਹਰਾ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪੁਲੀਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲੀਸ ਨੇ ਦਿੱਲੀ ‘ਆਪ’ ਦੇ ਪ੍ਰਧਾਨ ਸੌਰਭ ਭਾਰਦਵਾਜ ਅਤੇ ਵਿਧਾਇਕ ਜਰਨੈਲ ਸਿੰਘ ਸਣੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਪਹਿਲਾਂ ਮੁਜ਼ਾਹਰੇ ਨੂੰ ਸੰੰਬੋਧਨ ਕਰਦਿਆਂ ਭਾਰਦਵਾਜ ਨੇ ਕਿਹਾ ਕਿ ਪੁਲੀਸ ਅਤੇ ਸਰਕਾਰ ਨੂੰ ਨਿਆਂ ਯਕੀਨੀ ਬਣਾਉਣਾ ਚਾਹੀਦਾ ਹੈ।
ਜੇਕਰ ਸਰਕਾਰ ਜਾਣਬੁੱਝ ਕੇ ਲੋਕਾਂ ਨਾਲ ਅਨਿਆਂ ਕਰਦੀ ਹੈ ਤਾਂ ਉਹ ਸ਼ਾਂਤੀਪੂਰਨ ਅਤੇ ਲੋਕਤੰਤਰੀ ਤਰੀਕੇ ਨਾਲ ਆਪਣੇ ਅਧਿਕਾਰਾਂ ਦੀ ਮੰਗ ਕਰਨ ਲਈ ਸੜਕਾਂ ’ਤੇ ਉਤਰਨਗੇ। ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੁਲੀਸ ਕਾਰਵਾਈ ਨਹੀਂ ਕਰਦੀ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਜਾਣਕਾਰੀ ਅਨੁਸਾਰ ਪੁਲੀਸ ਨੇ ਥੱਪੜ ਮਾਰਨ ਦੇ ਮਾਮਲੇ ਵਿੱਚ ਭਾਜਪਾ ਆਗੂ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਐੱਫ ਆਈ ਆਰ ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਐਤਵਾਰ ਨੂੰ ਜਨਕਪੁਰੀ ਜ਼ਿਲ੍ਹਾ ਕੇਂਦਰ ਚੌਕ ਅਤੇ ਨਜਫਗੜ੍ਹ ਨਾਲੇ ਦੇ ਵਿਚਕਾਰ ਬਾਹਰੀ ਰਿੰਗ ਰੋਡ ’ਤੇ ਉਸ ਸਮੇਂ ਵਾਪਰੀ ਜਦੋਂ ਮੌਕੇ ’ਤੇ ਮੌਜੂਦ ਤਿਲਕ ਨਗਰ ਤੋਂ ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਸੜਕ ਦੀ ਗੁਣਵੱਤਾ ’ਤੇ ਸਵਾਲ ਚੁੱਕਦਿਆਂ ਉਸ ਨੂੰ ਹੱਥ ਨਾਲ ਪੁੱਟ ਦਿੱਤਾ ਅਤੇ ਨੌਜਵਾਨ ਇਸ ਘਟਨਾ ਦੀ ਵੀਡੀਓ ਬਣਾ ਰਿਹਾ ਸੀ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਵਾਇਰਲ ਹੋਈ ਸੀ। ਪਰਵੇਸ਼ ਵਰਮਾ ਨੇ ਕਿਹਾ ਕਿ ਉਨ੍ਹਾਂ ਨੇ ਸੜਕ ਦੇ ਨਿਰੀਖਣ ਦੌਰਾਨ ਖੁਦ ਜਰਨੈਲ ਸਿੰਘ ਨੂੰ ਬੁਲਾਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਜਰਨੈਲ ਸਿੰਘ ਨਾਲ ਆਏ ਵਿਅਕਤੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਅਪਸ਼ਬਦ ਕਹੇ, ਜਿਸ ਤੋਂ ਬਾਅਦ ਉਨ੍ਹਾਂ ਨੇ ਥੱਪੜ ਮਾਰ ਦਿੱਤਾ। ਦੂਜੇ ਪਾਸੇ ਦਿੱਲੀ ਭਾਜਪਾ ਨੇ ਇਹ ਵੀ ਦੋਸ਼ ਲਗਾਇਆ ਕਿ ਉਹ ਵਿਅਕਤੀ ਆਦਤਨ ਅਪਰਾਧੀ ਸੀ ਅਤੇ ਪਹਿਲਾਂ ਵੀ ਨਿਗਮ ਕਰਮਚਾਰੀ ਨਾਲ ਕਥਿਤ ਕੁੱਟਮਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ।
‘ਆਪ’ ਵਿਧਾਇਕ ਖ਼ਿਲਾਫ਼ ਕੇਸ ਦਰਜ
ਪੁਲੀਸ ਨੇ ਲੋਕ ਨਿਰਮਾਣ ਵਿਭਾਗ ਦੇ ਸਹਾਇਕ ਇੰਜਨੀਅਰ ਦੀ ਸ਼ਿਕਾਇਤ ’ਤੇ ‘ਆਪ’ ਵਿਧਾਇਕ ਜਰਨੈਲ ਸਿੰਘ ਵਿਰੁੱਧ ਅਪਰਾਧਕ ਧਮਕੀ ਦੇਣ ਅਤੇ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਸਾਹਿਬ ਸਿੰਘ ਅਤੇ ਇੰਜਨੀਅਰ ਵੱਲੋਂ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਦੇ ਆਧਾਰ ’ਤੇ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ।

