‘ਆਪ’ ਆਗੂਆਂ ਨੇ ਗ਼ੈਰਕਾਨੂੰਨੀ ਫੰਡ ਇਕੱਠੇ ਕਰਨ ਲਈ ਸ਼ਰਾਬ ਨੀਤੀ ਨੂੰ ਹੱਥਕੰਡਾ ਬਣਾਇਆ: ਈਡੀ : The Tribune India

‘ਆਪ’ ਆਗੂਆਂ ਨੇ ਗ਼ੈਰਕਾਨੂੰਨੀ ਫੰਡ ਇਕੱਠੇ ਕਰਨ ਲਈ ਸ਼ਰਾਬ ਨੀਤੀ ਨੂੰ ਹੱਥਕੰਡਾ ਬਣਾਇਆ: ਈਡੀ

w ਦੱਖਣ ਦੇ ਗਰੁੱਪ ਤੋਂ 100 ਕਰੋੜ ਰੁਪਏ ਰਿਸ਼ਵਤ ਲੈਣ ਦਾ ਕੀਤਾ ਦਾਅਵਾ

‘ਆਪ’ ਆਗੂਆਂ ਨੇ ਗ਼ੈਰਕਾਨੂੰਨੀ ਫੰਡ ਇਕੱਠੇ ਕਰਨ ਲਈ ਸ਼ਰਾਬ ਨੀਤੀ ਨੂੰ ਹੱਥਕੰਡਾ ਬਣਾਇਆ: ਈਡੀ

ਨਵੀਂ ਦਿੱਲੀ, 1 ਦਸੰਬਰ

ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਥਾਨਕ ਅਦਾਲਤ ਨੂੰ ਦੱਸਿਆ ਹੈ ਕਿ ਦਿੱਲੀ ਸ਼ਰਾਬ ਨੀਤੀ ਕੇਸ ’ਚ ਕਥਿਤ ਬੇਨਿਯਮੀਆਂ ਦੇ ਸਬੰਧ ’ਚ ਗ੍ਰਿਫ਼ਤਾਰ ‘ਆਪ’ ਆਗੂ ਵਿਜੈ ਨਾਇਰ ਨੇ ਕੁਝ ਕਾਰੋਬਾਰੀਆਂ ਅਤੇ ਸਿਆਸਤਦਾਨਾਂ ਦੇ ਕੰਟਰੋਲ ਵਾਲੇ ‘ਦੱਖਣ ਦੇ ਗਰੁੱਪ’ ਤੋਂ 100 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ। ਈਡੀ ਨੇ ਬੁੱਧਵਾਰ ਨੂੰ ਅਦਾਲਤ ’ਚ ਕਿਹਾ ਕਿ ‘ਆਪ’ ਆਗੂਆਂ, ਜਿਨ੍ਹਾਂ ’ਚੋਂ ਕੁਝ ਸਰਕਾਰ ਦਾ ਹਿੱਸਾ ਹਨ, ਨੇ ਸਰਕਾਰੀ ਖ਼ਜ਼ਾਨੇ ਦੀ ਕੀਮਤ ’ਤੇ ਗ਼ੈਰਕਾਨੂੰਨੀ ਫੰਡ ਇਕੱਠੇ ਕਰਨ ਲਈ ਸ਼ਰਾਬ ਨੀਤੀ ਨੂੰ ਹੱਥਕੰਡਾ ਬਣਾਇਆ। ਈਡੀ ਨੇ ਕਿਹਾ ਕਿ ਅਮਿਤ ਅਰੋੜਾ ਨੇ ਆਪਣੇ ਬਿਆਨਾਂ ’ਚ ਖ਼ੁਲਾਸਾ ਕੀਤਾ ਹੈ ਕਿ ‘ਆਪ’ ਆਗੂਆਂ ਤਰਫ਼ੋਂ ਵਿਜੈ ਨਾਇਰ ਨੇ 100 ਕਰੋੜ ਰੁਪਏ ਦੱਖਣ ਦੇ ਗਰੁੱਪ (ਸ਼ਰਤ ਰੈੱਡੀ, ਕੇ ਕਵਿਤਾ, ਮਗੁੰਤਾ ਸ੍ਰੀਨਿਵਾਸੁਲੂ ਰੈੱਡੀ) ਤੋਂ ਰਿਸ਼ਵਤ ਵਜੋਂ ਲਏ ਸਨ। ਅਧਿਕਾਰੀਆਂ ਮੁਤਾਬਕ ਕਵਿਤਾ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਹੈ। ਏਜੰਸੀ ਨੇ ਇਹ ਵੀ ਕਿਹਾ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਕ ਪੀਏ ਸਮੇਤ 35 ਮੁਲਜ਼ਮਾਂ ਨੇ ਕਥਿਤ ਘੁਟਾਲੇ ’ਚ ਹਜ਼ਾਰਾਂ ਕਰੋੜ ਰੁਪਏ ਦੇ ਕਥਿਤ ਰਿਸ਼ਵਤ ਮਾਮਲੇ ’ਚ ਸਬੂਤ ਛੁਪਾਉਣ ਲਈ 170 ਫੋਨ ਵਰਤੇ ਜਾਂ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਈਡੀ 170 ’ਚੋਂ 17 ਫੋਨ ਰਿਕਵਰ ਕਰਨ ’ਚ ਕਾਮਯਾਬ ਰਹੀ ਹੈ। ਈਡੀ ਨੇ ਰਿਮਾਂਡ ਨੋਟ ’ਚ ਰਿਪੋਰਟ ਨੱਥੀ ਕਰਦਿਆਂ ਕਿਹਾ ਹੈ ਕਿ ਸਿਸੋਦੀਆ ਨੇ ਚਾਰ ਵੱਖੋ ਵੱਖਰੇ ਮੋਬਾਈਲ ਨੰਬਰ ਵਰਤੇ ਅਤੇ ਉਨ੍ਹਾਂ 6 ਜੂਨ ਤੋਂ 14 ਅਕਤੂਬਰ ਦਰਮਿਆਨ ਆਈਐੱਮਈਆਈ 14 ਵਾਰ ਬਦਲੇ। ਈਡੀ ਨੇ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਦੇ ਸੈੱਲਫੋਨ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਹੈ ਕਿ ਉਸ ਕੋਲ ਇਕ ਹੀ ਸਿਮ ਨੰਬਰ ਸੀ ਪਰ ਉਸ ਨੇ ਤਿੰਨ ਵਾਰ ਆਈਐੱਮਈਆਈ ਬਦਲੇ। ਏਜੰਸੀ ਨੇ ਇਹ ਵੀ ਕਿਹਾ ਕਿ ਕਵਿਤਾ ਨੇ ਦੋ ਸਿਮ ਵਰਤੇ ਅਤੇ ਆਈਐੱਮਈਆਈ 10 ਵਾਰ ਬਦਲੇ। ਸੰਘੀ ਜਾਂਚ ਏਜੰਸੀ ਨੇ ਇਹ ਵੀ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਨੂੰ 12 ਫ਼ੀਸਦੀ ਜਾਂ 581 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਤਾਂ ਜੋ ‘ਆਪ’ ਆਗੂਆਂ ਦੇ ਨਿੱਜੀ ਖ਼ਜ਼ਾਨੇ ਭਰੇ ਜਾ ਸਕਣ। ਉਨ੍ਹਾਂ ਮੁਤਾਬਕ ਨੀਤੀ ’ਚ ਕਥਿਤ ਬੇਨਿਯਮੀਆਂ ਕਾਰਨ ਕੁੱਲ 2,873 ਕਰੋੜ ਰੁਪਏ ਮਾਲੀਏ ਦਾ ਨੁਕਸਾਨ ਹੋਇਆ ਹੈ। ਈਡੀ ਨੇ ਕਿਹਾ ਕਿ ਨਾਇਰ ‘ਆਪ’ ਦਾ ਕੋਈ ਸਾਧਾਰਨ ਵਰਕਰ ਨਹੀਂ ਹੈ ਅਤੇ ਉਹ ਕੇਜਰੀਵਾਲ ਦਾ ਨੇੜਲਾ ਸਹਾਇਕ ਹੈ। ਨਾਇਰ ਨੇ ਈਡੀ ਕੋਲ ਦਰਜ ਕਰਵਾਏ ਆਪਣੇ ਬਿਆਨ ’ਚ ਕਿਹਾ ਹੈ ਕਿ ਉਹ ਕੇਜਰੀਵਾਲ ਦੇ ਦਫ਼ਤਰ ਤੋਂ ਕੰਮ ਕਰਦਾ ਸੀ ਅਤੇ ਗਹਿਲੋਤ ਨੂੰ ਅਲਾਟ ਸਰਕਾਰੀ ਬੰਗਲੇ ’ਚ ਰਹਿੰਦਾ ਸੀ। -ਪੀਟੀਆਈ

ਟੀਆਰਐੱਸ ਆਗੂ ਕਵਿਤਾ ਦਾ ਨਾਮ ਦਿੱਲੀ ਸ਼ਰਾਬ ਘੁਟਾਲੇ ’ਚ ਆਇਆ

ਹੈਦਰਾਬਾਦ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਿੱਲੀ ਸ਼ਰਾਬ ਘੁਟਾਲਾ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਬਿਆਨਾਂ ਤੋਂ ਖ਼ੁਲਾਸਾ ਹੋਇਆ ਹੈ ਕਿ ਟੀਆਰਸੀ ਦੀ ਵਿਧਾਨ ਪਰਿਸ਼ਦ ਮੈਂਬਰ ਕੇ ਕਵਿਤਾ ਸਮੇਤ ਦੱਖਣ ਦੇ ਇਕ ਗਰੁੱਪ ਨੇ ‘ਆਪ’ ਆਗੂਆਂ ਨੂੰ ਰਿਸ਼ਵਤ ਦਿੱਤੀ ਗਈ ਸੀ। ਆਪਣਾ ਨਾਮ ਦਿੱਲੀ ਸ਼ਰਾਬ ਘੁਟਾਲੇ ’ਚ ਆਉਣ ’ਤੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਕਵਿਤਾ ਨੇ ਕਿਹਾ ਹੈ ਕਿ ਉਹ ਵੀ ਈਡੀ ਜਿਹੀਆਂ ਕੇਂਦਰੀ ਏਜੰਸੀਆਂ ਦੀ ਰਾਡਾਰ ’ਤੇ ਹੈ ਅਤੇ ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੈ। ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਵਿਤਾ ਨੇ ਕਿਹਾ, ‘‘ਜੇਕਰ ਏਜੰਸੀਆਂ ਆਉਂਦੀਆਂ ਹਨ ਤਾਂ ਅਸੀਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ। ਪਰ ਮੀਡੀਆ ’ਚ ਚੋਣਵੀਆਂ ਗੱਲਾਂ ਲੀਕ ਕਰਵਾ ਕੇ ਆਗੂਆਂ ਦਾ ਅਕਸ ਵਿਗਾੜਨ ਦੀਆਂ ਕੋਸ਼ਿਸ਼ਾਂ ਨੂੰ ਲੋਕ ਨਕਾਰ ਦੇਣਗੇ।’’ ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ਉਸ ਨੇ ਚੁਣੀਆਂ ਗਈਆਂ ਅੱਠ ਸਰਕਾਰਾਂ ਨੂੰ ਡੇਗ ਕੇ ਖੁਦ ਸੱਤਾ ਹਥਿਆ ਲਈ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਕਿ ਉਹ ਉਸ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਡੱਕ ਕੇ ਦੇਖਣ। ‘ਮੈਂ ਮੋਦੀ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣਾ ਰਵੱਈਆ ਬਦਲਣ। ਈਡੀ ਤੇ ਸੀਬੀਆਈ ਦੀ ਵਰਤੋਂ ਕਰਕੇ ਚੋਣਾਂ ਜਿੱਤਣਾ ਅਸੰਭਵ ਹੈ। ਤਿਲੰਗਾਨਾ ਦੇ ਲੋਕਾਂ ਨਾਲ ਇੰਜ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਉਹ ਸਮਝਦਾਰ ਹਨ।’ ਕਵਿਤਾ ਨੇ ਕਿਹਾ ਕਿ ਜਿਥੇ ਚੋਣਾਂ ਹੁੰਦੀਆਂ ਹਨ ਤਾਂ ਈਡੀ ਤੇ ਸੀਬੀਆਈ ਨੂੰ ਭੇਜਣ ਦੀ ਰਵਾਇਤ ਬਣ ਗਈ ਹੈ। ‘ਮੋਦੀ ਦੇ ਆਉਣ ਤੋਂ ਪਹਿਲਾਂ ਚੋਣਾਂ ਵਾਲੇ ਸੂਬਿਆਂ ’ਚ ਈਡੀ ਪਹੁੰਚ ਜਾਂਦੀ ਹੈ।’ -ਪੀਟੀਆਈ  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All