ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਅਗਸਤ
ਮਿਸ਼ਨ-2022 ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਨੂੰ ਸੰਗਠਨਾਤਮਕ ਪੱਧਰ ’ਤੇ ਮਜ਼ਬੂਤ ਕਰਨ ਦੀ ਮੁਹਿੰਮ ਅਧੀਨ ਪਾਰਟੀ ਦਾ ਮੁੱਖ ਢਾਂਚਾ, ਕੋਰ ਕਮੇਟੀ, ਸਾਰੇ ਵਿੰਗ ਤੇ ਇਕਾਈਆਂ ਅਤੇ ਜ਼ਿਲ੍ਹਾ ਇਕਾਈਆਂ ਨੂੰ ਭੰਗ ਕਰ ਦਿੱਤਾ ਹੈ। ਇਸ ਸਬੰਧੀ ਆਪ ਦੇ ਹੈੱਡਕੁਆਰਟਰ ਤੋਂ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਰਸਮੀ ਐਲਾਨ ਕੀਤਾ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਜ਼ਿਲ੍ਹਾ ਪੱਧਰ, ਹਲਕਾ ਪੱਧਰ, ਵਿੰਗਾਂ ਅਤੇ ਸੂਬਾ ਪੱਧਰ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਤੇ ਬੂਥ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਫੀਡਬੈਕ ਲਈ ਗਈ। ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਪਾਰਟੀ ਦੇ ਮੁੱਖ ਸੂਬਾ ਪੱਧਰੀ ਢਾਂਚਾ (ਸੰਗਠਨ), ਸੂਬਾ ਕੋਰ ਕਮੇਟੀ, ਸਾਰੇ ਵਿੰਗ, ਹਲਕਾ ਅਤੇ ਜ਼ਿਲ੍ਹਾ ਪੱਧਰ ਦੀਆਂ ਇਕਾਈਆਂ ਸਮੇਤ ਸਾਰੀਆਂ ਸਹਿਯੋਗੀ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਹਨ।ਜਰਨੈਲ ਸਿੰਘ ਨੇ ਦੱਸਿਆ ਕਿ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਅਹੁਦਾ ਬਰਕਰਾਰ ਰਹੇਗਾ ਅਤੇ ਛੇਤੀ ਹੀ ਨਵੇਂ ਢਾਂਚੇ ਦਾ ਐਲਾਨ ਕੀਤਾ ਜਾਵੇਗਾ। ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਭਰ ’ਚੋਂ ਇਕੱਤਰ ਹੋਈ ਫੀਡ ਬੈਕ ਦੇ ਆਧਾਰ ’ਤੇ ਵਾਲੰਟੀਅਰਾਂ ਅਤੇ ਆਗੂਆਂ ਦੀਆਂ ਜ਼ਿੰਮੇਵਾਰੀਆਂ ਵਧਾਈਆਂ ਜਾਣਗੀਆਂ ਅਤੇ ਅਹੁਦਿਆਂ ਵਿਚ ਫੇਰਬਦਲ ਕੀਤਾ ਜਾਵੇਗਾ ਤਾਂਕਿ ‘ਆਪ’ ਮਜ਼ਬੂਤ ਟੀਮ ਵਜੋਂ ਉਭਰੇ ਅਤੇ ਮਾਫ਼ੀਆ ਰਾਜ ਤੋਂ ਮੁਕਤੀ ਦਿਵਾ ਸਕੇ।