ਨਿਗਮ ਕਮਿਸ਼ਨਰ ਦਫ਼ਤਰ ਅੱਗੇ ‘ਆਪ’ ਕੌਂਸਲਰਾਂ ਦਾ ਮੁਜ਼ਾਹਰਾ
ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰਾਂ ਨੇ ਸਾਕੇਤ ਵਿੱਚ ਇਮਾਰਤ ਡਿੱਗਣ ਦੇ ਮਾਮਲੇ ’ਚ ਕਾਰਵਾਈ ਲਈ ਅੱਜ ਨਗਰ ਨਿਗਮ ਕਮਿਸ਼ਨਰ ਦੇ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ। ਇਸ ਹਾਦਸੇ ਵਿੱਚ ਛੇ ਜਣਿਆਂ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਸਿਵਿਕ ਸੈਂਟਰ ਸਥਿਤ...
Advertisement
ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰਾਂ ਨੇ ਸਾਕੇਤ ਵਿੱਚ ਇਮਾਰਤ ਡਿੱਗਣ ਦੇ ਮਾਮਲੇ ’ਚ ਕਾਰਵਾਈ ਲਈ ਅੱਜ ਨਗਰ ਨਿਗਮ ਕਮਿਸ਼ਨਰ ਦੇ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ। ਇਸ ਹਾਦਸੇ ਵਿੱਚ ਛੇ ਜਣਿਆਂ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਸਿਵਿਕ ਸੈਂਟਰ ਸਥਿਤ ਨਿਗਮ ਕਮਿਸ਼ਨਰ ਸੰਜੀਵ ਖਿਰਵਾਰ ਦੇ ਦਫ਼ਤਰ ਅੱਗੇ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਪਹੁੰਚੇ ਕੌਂਸਲਰਾਂ ਨੇ ਇਮਾਰਤ ਡਿੱਗਣ ਦੇ ਮਾਮਲੇ ਵਿੱਚ ਕਥਿਤ ਲਾਪ੍ਰਵਾਹੀ ਖ਼ਿਲਾਫ਼ ਰੋਸ ਪ੍ਰਗਟ ਕੀਤਾ ਅਤੇ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਅੰਕੁਸ਼ ਨਾਰੰਗ ਨੇ ਦੋਸ਼ ਲਾਇਆ ਕਿ ਸਾਕੇਤ ਵਿੱਚ ਇਮਾਰਤ ਡਿੱਗਣ ਦੇ ਮਾਮਲੇ ਵਿੱਚ ਭਾਜਪਾ ਸ਼ਾਸਿਤ ਨਗਰ ਨਿਗਮ ਵਿੱਚ ਭ੍ਰਿਸ਼ਟਾਚਾਰ, ਅਧਿਕਾਰੀਆਂ ਦੀ ਮਿਲੀਭੁਗਤ ਅਤੇ ਲਾਪ੍ਰਵਾਹੀ ਉਜਾਗਰ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਗ਼ੈਰ-ਕਾਨੂੰਨੀ ਨਿਰਮਾਣ ਦਾ ਪੂਰਾ ਨੈੱਟਵਰਕ ਕਥਿਤ ਤੌਰ ’ਤੇ ਭਾਜਪਾ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ। ਸਥਾਨਕ ਲੋਕਾਂ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਡਿਪਟੀ ਕਮਿਸ਼ਨਰ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸੇ ਸਬੰਧ ਵਿੱਚ ਨਿਗਮ ਕਮਿਸ਼ਨਰ ਤੋਂ ਮੰਗ ਹੈ ਕਿ ਦੱਖਣੀ ਜ਼ੋਨ ਦੇ ਡਿਪਟੀ ਕਮਿਸ਼ਨਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਸ਼ਾਸਿਤ ਨਗਰ ਨਿਗਮ ਦੇ ਭ੍ਰਿਸ਼ਟ ਸਿਸਟਮ ਨੇ ਬੇਕਸੂਰ ਲੋਕਾਂ ਦੀ ਜਾਨ ਲਈ ਹੈ। ਦੋਸ਼ੀ ਅਧਿਕਾਰੀਆਂ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣ ਤੱਕ ਆਮ ਆਦਮੀ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ। ਪ੍ਰਦਰਸ਼ਨ ਵਿੱਚ ਸ਼ਾਮਲ ਤਿਲਕ ਨਗਰ ਵਾਰਡ ਤੋਂ ‘ਆਪ’ ਕੌਂਸਲਰ ਅਸ਼ੋਕ ਕੁਮਾਰ ਮਾਨੂ ਨੇ ਕਿਹਾ ਕਿ ਇਮਾਰਤ ਡਿੱਗਣ ਦੀ ਘਟਨਾ ਵਿੱਚ ਜਾਨ ਗੁਆਉਣ ਵਾਲਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਮਾਨੂ ਨੇ ਕਿਹਾ ਕਿ ਇਸ ਇਮਾਰਤ ਨੂੰ ਪਹਿਲਾਂ ਹੀ ਖ਼ਤਰਨਾਕ ਐਲਾਨਿਆ ਗਿਆ ਸੀ ਅਤੇ ਅਦਾਲਤ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਅਤੇ ਇਮਾਰਤ ਡਿੱਗ ਗਈ। ਉਨ੍ਹਾਂ ਕਮਿਸ਼ਨਰ ਦਫ਼ਤਰ ਦੇ ਅੱਗੇ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਪ੍ਰਦਰਸ਼ਨ ਦੌਰਾਨ ਕੁਝ ਕੌਂਸਲਰ ‘ਕਾਕਰੋਚ’ ਵਰਗੀ ਪੋਸ਼ਾਕ ਪਾ ਕੇ ਨਜ਼ਰ ਆਏ ਅਤੇ ਉਨ੍ਹਾਂ ਨੇ ਨਿਗਮ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ਨਕਲੀ ਨੋਟ ਹਵਾ ਵਿੱਚ ਉਡਾਏ। ਮਾਨੂ ਨੇ ਪ੍ਰਦਰਸ਼ਨ ਵਿੱਚ ਨਕਲੀ ਨੋਟ ਲਿਆਉਣ ਦੇ ਸਵਾਲ ’ਤੇ ਕਿਹਾ, ‘‘ਇਹ ਨੋਟ ਲੈ ਲਵੋ, ਪਰ ਬੇਕਸੂਰ ਲੋਕਾਂ ਦੀ ਜਾਨ ਬਚਾਓ।’’ -ਪੀਟੀਆਈ
ਨਿਗਮ ਵੱਲੋਂ ਗ਼ੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਕਾਰਵਾਈ ਦੇ ਹੁਕਮਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਨਗਰ ਨਿਗਮ ਨੇ ਗ਼ੈਰ-ਕਾਨੂੰਨੀ ਢਾਂਚਿਆਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਅਨੁਸਾਰ ਦਿੱਲੀ ਨਗਰ ਨਿਗਮ ਦੱਖਣੀ ਦਿੱਲੀ ਵਿੱਚ ਗੈਰ-ਕਾਨੂੰਨੀ ਢਾਂਚਿਆਂ ’ਤੇ ਕਾਰਵਾਈ ਸ਼ੁਰੂ ਕਰੇਗੀ। ਨਿਰੀਖਣ ਦੇ ਪਹਿਲੇ ਪੜਾਅ ਵਿੱਚ ਨਗਰ ਨਿਗਮ ਨੇ ਢਹਿ-ਢੇਰੀ ਹੋਈ ਢਾਂਚਿਆਂ ਦੇ ਨੇੜੇ ਛੇ ਇਮਾਰਤਾਂ ਦੀ ਪਛਾਣ ਕੀਤੀ ਹੈ ਜੋ ਇਮਾਰਤ ਉਪ-ਨਿਯਮਾਂ ਦੀ ਉਲੰਘਣਾ ਕਰਦੀਆਂ ਹਨ ਤੇ ਇਹ ਸੀਲ-ਐਂਡ-ਵੈਕੇਟ ਮੁਹਿੰਮ ਸ਼ੁਰੂ ਕਰਨ ਦੀ ਸੰਭਾਵਨਾ ਹੈ। ਐੱਮ ਸੀ ਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਰੀਆਂ ਗੈਰ-ਕਾਨੂੰਨੀ ਇਮਾਰਤਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਜਿਨ੍ਹਾਂ ਵਿੱਚ ਜ਼ਮੀਨ ਤੋਂ ਵੱਧ ਤਿੰਨ ਮੰਜ਼ਿਲਾਂ ਹਨ। ਇਹ ਮੁਹਿੰਮ ਮਹਿਰੌਲੀ, ਸਾਕੇਤ ਅਤੇ ਹੋਰ ਨਾਲ ਲੱਗਦੇ ਖੇਤਰਾਂ ਵਿੱਚ ਸ਼ੁਰੂ ਹੋਵੇਗੀ।
Advertisement
×

