‘ਆਪ’ ਨੇ ਸੁਧਾਰਾਂ ਦੇ ਮਾਮਲੇ ’ਚ ਭਾਜਪਾ ਨੂੰ ਘੇਰਿਆ
ਉਪ ਰਾਜਪਾਲ ’ਤੇ ਪਿਛਲੀ ਸਰਕਾਰ ਦੇ ਕੰਮਾਂ ’ਚ ਜਾਣ-ਬੁੱਝ ਕੇ ਵਿਘਨ ਪਾਉਣ ਦਾ ਦੋਸ਼
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਦਸੰਬਰ
ਆਮ ਆਦਮੀ ਪਾਰਟੀ ਦੀ ਦਿੱਲੀ ਇਕਾਈ ਦੇ ਕਨਵੀਨਰ ਸੌਰਭ ਭਾਰਦਵਾਜ ਨੇ ਪਿਛਲੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੌਰਾਨ ਰੁਕੇ ਹੋਏ ਕਈ ਮੁੱਖ ਸੁਧਾਰਾਂ ਨੂੰ ਦੁਬਾਰਾ ਲਾਗੂ ਕਰਨ ਲਈ ਭਾਜਪਾ ਸਰਕਾਰ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਹੁਣ ਉਨ੍ਹਾਂ ਸੁਧਾਰਾਂ ਨੂੰ ਲਾਗੂ ਕਰ ਰਹੀ ਹੈ, ਜਿਨ੍ਹਾਂ ਨੂੰ ਉਪ ਰਾਜਪਾਲ ਵੱਲੋਂ ਰੋਕਿਆ ਗਿਆ ਸੀ। ਉਪ ਰਾਜਪਾਲ ਵੀ ਕੇ ਸਕਸੈਨਾ ਨੇ ਕਰਮਚਾਰੀਆਂ ਦੀਆਂ ਤਨਖਾਹਾਂ ਰੋਕ ਦਿੱਤੀਆਂ ਅਤੇ ਹਸਪਤਾਲ ਪ੍ਰਬੰਧਨ ਪ੍ਰਣਾਲੀ ਨੂੰ ਬਿਨਾਂ ਕਿਸੇ ਨੋਟਿਸ ਦੇ ਖਤਮ ਕਰ ਦਿੱਤਾ। ਇਸ ਨਾਲ ਦਿੱਲੀ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਕਾਫ਼ੀ ਨੁਕਸਾਨ ਹੋਇਆ। ਦਿੱਲੀ ਦੇ ਹਸਪਤਾਲ ਪ੍ਰਬੰਧਨ ਪ੍ਰਣਾਲੀ ਵਿੱਚ ਤਿੰਨ ਸਾਲਾਂ ਦਾ ਵਿਘਨ ਸਿਰਫ਼ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਲਈ ਸਿਆਸਤ ਤੋਂ ਪ੍ਰੇਰਿਤ ਯਤਨ ਸੀ। ਕਰਮਚਾਰੀਆਂ ਦੀਆਂ ਤਨਖਾਹਾਂ ਰੋਕਣ, ਇੱਕ ਕੁਸ਼ਲ ਪ੍ਰਸ਼ਾਸਕੀ ਮਾਡਲ ਦੇ ਅਚਾਨਕ ਬੰਦ ਹੋਣ ਅਤੇ ਹਸਪਤਾਲ ਦੇ ਕੰਮ-ਕਾਜ ’ਤੇ ਦਬਾਅ ਦਾ ਹਵਾਲਾ ਦਿੰਦੇ ਹੋਏ ਭਾਰਦਵਾਜ ਨੇ ਸਵਾਲ ਕੀਤਾ ਕਿ ਕੀ ਉਪ ਰਾਜਪਾਲ ਵੀ ਕੇ ਸਕਸੈਨਾ ਅਤੇ ਸਿਹਤ ਸਕੱਤਰ ਜਨਤਕ ਸਿਹਤ ਸੰਭਾਲ ਨੂੰ ਹੋਏ ਨੁਕਸਾਨ ਲਈ ਜ਼ਿੰਮੇਵਾਰ ਹੋਣਗੇ? ਉਨ੍ਹਾਂ ਕਿਹਾ ਕਿ ਇਸ ਸਮੇਂ ਲੋਕਾਂ ਨੂੰ ਪ੍ਰੇਸ਼ਾਨ ਕਰਨ, ਸਰਕਾਰਾਂ ਦੇ ਕੰਮ ਵਿੱਚ ਰੁਕਾਵਟ ਪਾਉਣ, ਉਨ੍ਹਾਂ ਨੂੰ ਬਦਨਾਮ ਕਰਨ ਅਤੇ ਫਿਰ ਇਹ ਦਾਅਵਾ ਕਰਨ ਦੀ ਅਖੌਤੀ ਚਾਣਕਿਆ ਨੀਤੀ ਤਹਿਤ ਇਸ ਪੈਟਰਨ ਦੀ ਪਾਲਣਾ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਸਰਕਾਰ ਸਭ ਤੋਂ ਵੱਧ ਦੇਸ਼ ਭਗਤ ਹੈ।
‘ਐਕਸ ’ਤੇ ਇੱਕ ਵੀਡੀਓ ਜਾਰੀ ਕਰਦਿਆਂ ਸੌਰਭ ਭਾਰਦਵਾਜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਇੱਕ ਪੜ੍ਹਿਆ-ਲਿਖਿਆ ਟੈਕਨੋਕਰੇਟ ਮੁੱਖ ਮੰਤਰੀ ਮੰਨਿਆ ਜਾਂਦਾ ਸੀ ਅਤੇ ਉਨ੍ਹਾਂ ਦੇ ਸ਼ਾਸਨ ਮਾਡਲ ਦੀ ਕਈ ਵਿਕਸਤ ਦੇਸ਼ਾਂ ਵਿੱਚ ਵੀ ਪ੍ਰਸ਼ੰਸਾ ਕੀਤੀ ਜਾਂਦੀ ਸੀ ਕਿਉਂਕਿ ਉਨ੍ਹਾਂ ਨੇ ਸਰਕਾਰੀ ਕੰਮ-ਕਾਜ ਵਿੱਚ ਵੱਡੇ ਸੁਧਾਰ ਕੀਤੇ ਸਨ। ਅਜਿਹਾ ਹੀ ਇੱਕ ਸੁਧਾਰ ਸਰਕਾਰੀ ਹਸਪਤਾਲਾਂ ਵਿੱਚ ਹਸਪਤਾਲ ਪ੍ਰਬੰਧਕਾਂ ਦੀ ਭਰਤੀ ਸੀ। ਜਿਸ ਨੂੰ ਉਪ ਰਾਜਪਾਲ ਨੇ ਰੋਕਿਆ ਸੀ ਪਰ ਹੁਣ ਲਾਗੂ ਕੀਤਾ ਜਾ ਰਿਹਾ ਹੈ।
ਰੈਣ-ਬਸੇਰਿਆਂ ਦੇ ਢੁਕਵੇਂ ਪ੍ਰਬੰਧ ਨਾ ਕਰਨ ਦਾ ਦੋਸ਼
ਨਵੀਂ ਦਿੱਲੀ (ਪੱਤਰ ਪ੍ਰੇਰਕ): ‘ਆਪ’ ਨੇ ਦੋਸ਼ ਲਾਇਆ ਕਿ ਦਿੱਲੀ ਵਿੱਚ ਕੜਾਕੇ ਦੀ ਠੰਢ ਸ਼ੁਰੂ ਹੋ ਗਈ ਹੈ, ਪਰ ਭਾਜਪਾ ਸਰਕਾਰ ਨੇ ਸੜਕਾਂ ’ਤੇ ਸੌਣ ਲਈ ਮਜਬੂਰ ਗ਼ਰੀਬਾਂ ਲਈ ਰੈਣ-ਬਸੇਰਿਆਂ ਲਈ ਢੁਕਵੇਂ ਪ੍ਰਬੰਧ ਨਹੀਂ ਕੀਤੇ। ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੀਵ ਝਾਅ ਅਤੇ ਕੁਲਦੀਪ ਕੁਮਾਰ ਨੇ ਸ਼ੁੱਕਰਵਾਰ ਦੇਰ ਰਾਤ ਦਿੱਲੀ ਛਾਉਣੀ ਖੇਤਰ ਦਾ ਨਿਰੀਖਣ ਕਰਦਿਆਂ ਗ਼ਰੀਬ ਲੋਕਾਂ ਨੂੰ ਕੜਾਕੇ ਦੀ ਠੰਢ ਵਿੱਚ ਸੜਕਾਂ ’ਤੇ ਸੌਂਦੇ ਦੇਖਿਆ। ‘ਆਪ’ ਦੀ ਦਿੱਲੀ ਇਕਾਈ ਦੇ ਕਨਵੀਨਰ ਸੌਰਭ ਭਾਰਦਵਾਜ ਨੇ ਵਿਧਾਇਕਾਂ ਦੇ ਨਿਰੀਖਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝਾ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਗ਼ਰੀਬ ਕੜਾਕੇ ਦੀ ਠੰਢ ਵਿੱਚ ਸੜਕਾਂ ’ਤੇ ਸੌਣ ਲਈ ਮਜਬੂਰ ਹਨ, ਜਦੋਂਕਿ ਫੁਲੇਰਾ ਪੰਚਾਇਤ ਵਿੱਚ ਭਾਜਪਾ ਸਰਕਾਰ ਕਥਿਤ ਧੋਖਾਧੜੀ ਕਰਨ ਵਿੱਚ ਰੁਝੀ ਹੋਈ ਹੈ। ਇਹ ਨਿਰੀਖਣ, ਜੋ ਕਿ ਸਰਕਾਰੀ ਮੰਤਰੀਆਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਸੀ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੁਆਰਾ ਕੀਤਾ ਜਾ ਰਿਹਾ ਹੈ।

