
ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਮਿਲਣ ਉੱਤੇ ਸਮਾਗਮ ਦੌਰਾਨ ਝੰਡਾ ਲਹਿਰਾਉਂਦੇ ਹੋਏ ‘ਆਪ’ ਆਗੂ।
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਦਸੰਬਰ
ਆਮ ਆਦਮੀ ਪਾਰਟੀ ਨੇ ਸਿਰਫ਼ ਦਸ ਸਾਲਾਂ ਵਿੱਚ ਕੌਮੀ ਪਾਰਟੀ ਬਣਨ ਦਾ ਸਫ਼ਰ ਤੈਅ ਕਰ ਲਿਆ ਹੈ। ਗੁਜਰਾਤ ਦੇ ਲੋਕਾਂ ਨੇ ‘ਆਪ’ ਨੂੰ ਕੌਮੀ ਪਾਰਟੀ ਬਣਾਉਣ ਲਈ ਪੂਰੇ ਦਿਲ ਨਾਲ ਸਮਰਥਨ ਕੀਤਾ। ਇਸ ਪ੍ਰਾਪਤੀ ’ਤੇ ‘ਆਪ’ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਚਮਤਕਾਰੀ ਅਗਵਾਈ ਸਦਕਾ ਹੀ ਆਮ ਆਦਮੀ ਪਾਰਟੀ ਸਿਰਫ਼ 10 ਸਾਲਾਂ ’ਚ ਹੀ ਕੌਮੀ ਪਾਰਟੀ ਬਣ ਗਈ ਹੈ। ਉਨ੍ਹਾਂ ਆਸ਼ੀਰਵਾਦ ਦੇ ਕੇ ਗੁਜਰਾਤ ਦੇ 35 ਲੱਖ ਤੋਂ ਵੱਧ ਲੋਕਾਂ ਨੇ ਦੇਸ਼ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਬਣਨ ਦਾ ਸੁਭਾਗ ਦਿਵਾਇਆ ਹੈ। ਹੁਣ ‘ਆਪ’ ਸਿਰਫ਼ ਦਿੱਲੀ ਅਤੇ ਪੰਜਾਬ ਤੱਕ ਹੀ ਸੀਮਤ ਨਹੀਂ ਰਹਿ ਗਈ, ਸਗੋਂ ਦੇਸ਼ ਦੀ ਕੌਮੀ ਪਾਰਟੀ ਬਣ ਚੁੱਕੀ ਹੈ। ਗੁਜਰਾਤ ਨੂੰ ਮੋਦੀ ਅਤੇ ਅਮਿਤ ਸ਼ਾਹ ਦਾ ਗੜ੍ਹ ਕਿਹਾ ਜਾਂਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਲਾ ਤੋੜਨ ਦਾ ਕੰਮ ਕੀਤਾ ਹੈ। ‘ਆਪ’ ਦਿੱਲੀ ਦੇ ਸੂਬਾ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਹੁਣ ਤੱਕ ਚੋਣ ਨਿਸ਼ਾਨ ਲਈ ਸੰਘਰਸ਼ ਕਰਨਾ ਪੈਂਦਾ ਸੀ ਪਰ ਰਾਸ਼ਟਰੀ ਪਾਰਟੀ ਬਣਨ ਤੋਂ ਬਾਅਦ ਹੁਣ ਪੂਰੇ ਦੇਸ਼ ਵਿੱਚ ਝਾੜੂ ਦਾ ਚੋਣ ਨਿਸ਼ਾਨ ਮਿਲੇਗਾ। ਗੁਜਰਾਤ ਦੇ ਲੋਕਾਂ ਨੇ ਝਾੜੂ ਦਾ ਚੋਣ ਨਿਸ਼ਾਨ ‘ਆਪ’ ਲਈ ਰਾਖਵਾਂ ਕਰ ਦਿੱਤਾ ਹੈ ਅਤੇ ਹੁਣ ਦੇਸ਼ ਭਰ ’ਚ ਹੂੰਝਾ ਫੇਰਨ ਦਾ ਰਾਹ ਪੱਧਰਾ ਹੋ ਗਿਆ ਹੈ। ਦੂਜੇ ਪਾਸੇ ‘ਆਪ’ ਦੇ ਕੌਮੀ ਸਕੱਤਰ ਪੰਕਜ ਗੁਪਤਾ ਨੇ ਕਿਹਾ ਕਿ ‘ਆਪ’ ਨੂੰ ਕੌਮੀ ਪਾਰਟੀ ਬਣਾ ਕੇ ਗੁਜਰਾਤ ਦੀ ਜਨਤਾ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਕੇਜਰੀਵਾਲ ਵੱਲੋਂ ਦਿੱਤੇ ਸਿੱਖਿਆ-ਸਿਹਤ, ਬਿਜਲੀ-ਪਾਣੀ ਦੇ ਮਾਡਲ ਨੂੰ ਦੇਸ਼ ਭਰ ਵਿੱਚ ਫੈਲਾਉਣਾ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ