
ਭੂਰੇ ਸ਼ਾਹ ਦੀ ਦਰਗਾਹ ਨੇੜੇ ਉਸਾਰਿਆ ਢਾਂਚਾ ਢਾਹੁੰਦੇ ਹੋਏ ਲੋਕ ਨਿਰਮਾਣ ਵਿਭਾਗ ਦੇ ਮੁਲਾਜ਼ਮ। -ਫੋਟੋ: ਪੀਟੀਆਈ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਪਰੈਲ
ਦੱਖਣੀ ਦਿੱਲੀ ਵਿੱਚ ਅੱਜ ਪੀਡਬਲਿਊਡੀ ਪ੍ਰਸ਼ਾਸਨ ਵੱਲੋਂ ਹਜ਼ਰਤ ਨਿਜ਼ਾਮੂਦੀਨ ਦੀ ਦਰਗਾਹ ਨੇੜੇ ਸਥਿਤ ਇੱਕ ਪੁਰਾਣੀ ਦਰਗਾਹ ਦਾ ਕੁਝ ਹਿੱਸਾ ਢਾਹ ਕੇ ਨਾਜਾਇਜ਼ ਕਬਜ਼ਾ ਹਟਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ।
ਦਰਗਾਹ ਦੀ ਦੇਖਰੇਖ ਕਰਦੇ ਯੂਸਫ ਬੇਗ ਨੇ ਕਿਹਾ ਕਿ ਸਬਜ਼ ਬੁਰਜ ਨੇੜੇ ਸਥਿਤ ਸਈਅਦ ਅਬਦੁੱਲ੍ਹਾ ਉਰਫ ਭੂਰੇ ਸ਼ਾਹ ਦੀ ਦਰਗਾਹ ਸਦੀਆਂ ਪੁਰਾਣੀ ਹੈ, ਜਿਸ ਨੂੰ ਮੁਸਲਮਾਨ ਅਤੇ ਹਿੰਦੂ ਦੋਵਾਂ ਭਾਈਚਾਰਿਆਂ ਦੇ ਲੋਕ ਸਤਿਕਾਰਦੇ ਹਨ। ਇਹ 16ਵੀਂ ਸਦੀ ਦਾ ਦੋ-ਗੁੰਬਦ ਵਾਲਾ ਮੁਗਲਾਂ ਦੇ ਸਮੇਂ ਦਾ ਸਮਾਰਕ ਹੈ। ਬੇਗ ਨੇ ਕਿਹਾ, ‘‘ਇਹ ਦਰਗਾਹ ਸਦੀਆਂ ਪੁਰਾਣੀ ਹੈ ਪਰ ਸਾਡੇ ਕੋਲ ਇਸ ਬਾਰੇ ਦਸਤਾਵੇਜ਼ੀ ਸਬੂਤ ਨਹੀਂ ਹਨ, ਜਿਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ। ਅਸੀਂ ਹਾਲ ਹੀ ਵਿੱਚ ਗਲੀ ਦੇ ਨੇੜੇ ਬਣੇ ਢਾਂਚੇ ਨੂੰ ਪਹਿਲਾਂ ਹੀ ਹਟਾ ਦਿੱਤਾ ਸੀ। ਅੱਜ ਵੀ ਅਸੀਂ ਕੁਝ ਚੀਜ਼ਾਂ ਖੁਦ ਹੀ ਹਟਾ ਦਿੱਤੀਆਂ ਸਨ। ਜੇ ਇਹ ਚੀਜ਼ਾਂ ਬੁਲਡੋਜ਼ਰ ਨਾਲ ਹਟਾਈਆਂ ਜਾਂਦੀਆਂ ਤਾਂ ਦਰਗਾਹ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਸੀ।’’ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੀਡਬਲਿਊਡੀ ਵੱਲੋਂ ਫੁੱਟਪਾਥ ’ਤੇ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ। ਦਰਗਾਹ ਸੰਵੇਦਨਸ਼ੀਲ ਨਿਜ਼ਾਮੂਦੀਨ ਖੇਤਰ ਨੇੜੇ ਸਥਿਤ ਹੋਣ ਕਰਕੇ ਇੱਥੇ ਅਰਧ ਸੈਨਿਕ ਬਲ ਵੀ ਤਾਇਨਾਤ ਕੀਤੇ ਗਏ ਅਤੇ ਹੰਝੂ ਗੈਸ ਦੇ ਗੋਲਿਆਂ ਦਾ ਵੀ ਪ੍ਰਬੰਧ ਕੀਤਾ ਗਿਆ। ਡਿਊਟੀ ’ਤੇ ਮੌਜੂਦ ਨੀਮ ਸੈਨਿਕ ਬਲ ਦੇ ਜਵਾਨ ਨੇ ਕਿਹਾ, ‘‘ਸਾਨੂੰ ਅਮਨ-ਕਾਨੂੰਨ ਦੀ ਸਥਿਤੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।’’ ਇਸ ਬਾਰੇ ਦਿੱਲੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਦੌਰਾਨ ਬੁਲਡੋਜ਼ਰਾਂ ਦੀ ਮਦਦ ਨਾਲ ਭੂਰੇ ਸ਼ਾਹ ਦੀ ਦਰਗਾਹ ’ਤੇ ਪਾਈ ਢਾਹ ਦਿੱਤੀ ਗਈ ਅਤੇ ਮਗਰੋਂ ਆਲੇ-ਦੁਆਲੇ ਬਣਿਆ ਫਰਸ਼ ਵੀ ਪੁੱਟ ਦਿੱਤਾ ਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ