ਪਤੰਗ ਫੜਦਾ ਨਾਬਾਲਗ ਨਾਲੇ ਵਿੱਚ ਡਿੱਗਿਆ
ਦੱਖਣੀ-ਪੂਰਬੀ ਦਿੱਲੀ ਦੇ ਜਸੋਲਾ ਪਿੰਡ ਵਿੱਚ ਪਤੰਗ ਫੜਨ ਦੌਰਾਨ 15 ਸਾਲਾ ਲੜਕਾ ਖੁੱਲ੍ਹੇ ਨਾਲੇ ਵਿੱਚ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਈ ਏਜੰਸੀਆਂ ਨੇ ਲੜਕੇ ਦੀ ਭਾਲ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਹਾਲੇ ਤੱਕ...
ਦੱਖਣੀ-ਪੂਰਬੀ ਦਿੱਲੀ ਦੇ ਜਸੋਲਾ ਪਿੰਡ ਵਿੱਚ ਪਤੰਗ ਫੜਨ ਦੌਰਾਨ 15 ਸਾਲਾ ਲੜਕਾ ਖੁੱਲ੍ਹੇ ਨਾਲੇ ਵਿੱਚ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਈ ਏਜੰਸੀਆਂ ਨੇ ਲੜਕੇ ਦੀ ਭਾਲ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਕੱਲ੍ਹ ਸਵੇਰੇ ਕਰੀਬ 11 ਵਜੇ ਉਸ ਸਮੇਂ ਵਾਪਰਿਆ ਜਦੋਂ ਅੱਠਵੀਂ ਜਮਾਤ ਦਾ ਵਿਦਿਆਰਥੀ ਮਿਥੁਨ ਖੁੱਲ੍ਹੇ ਨਾਲੇ ਕੋਲ ਪਤੰਗ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲੀਸ ਅਨੁਸਾਰ ਇਕ ਚਸ਼ਮਦੀਦ ਨੇ ਹਾਦਸੇ ਦੀ ਜਾਣਕਾਰੀ ਮਿਥੁਨ ਦੇ ਪਰਿਵਾਰ ਨੂੰ ਦਿੱਤੀ, ਜਿਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਗਈ। ਇਸ ਮਗਰੋਂ ਵੱਖ-ਵੱਖ ਏਜੰਸੀਆਂ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ। ਜਾਣਕਾਰੀ ਅਨੁਸਾਰ ਗੋਤਾਖੋਰਾਂ ਵੱਲੋਂ ਕਈ ਘੰਟੇ ਮਿਥੁਨ ਦੀ ਭਾਲ ਕਰਨ ਦੇ ਬਾਵਜੂਦ ਉਸ ਦਾ ਪਤਾ ਨਹੀਂ ਲੱਗ ਸਕਿਆ। ਪੁਲੀਸ ਨੇ ਦੱਸਿਆ ਕਿ ਮਿਥੁਨ ਦੀ ਭਾਲ ਜਾਰੀ ਹੈ। ਰਿਸ਼ਤੇਦਾਰਾਂ ਅਨੁਸਾਰ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਮਿਥੁਨ ਦਾ ਪਰਿਵਾਰ ਇਸੇ ਇਲਾਕੇ ਵਿੱਚ ਰਹਿੰਦਾ ਹੈ ਅਤੇ ਦਿੱਲੀ ਵਿੱਚ ਮਜ਼ਦੂਰੀ ਕਰਦਾ ਹੈ। ਰਿਸ਼ਤੇਦਾਰ ਕੁਸੁਮ ਨੇ ਦੱਸਿਆ ਕਿ ਮਿਥੁਨ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦਿਨਭਰ ਉਸ ਦੀ ਭਾਲ ਕੀਤੀ। ਉਨ੍ਹਾਂ ਦੱਸਿਆ ਕਿ ਉਹ ਪਤੰਗ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਦੋਂ ਹੀ ਖੁੱਲ੍ਹੇ ਨਾਲੇ ਵਿੱਚ ਡਿੱਗ ਪਿਆ ਤੇ ਹਾਲੇ ਤੱਕ ਉਸ ਦਾ ਕੁਝ ਪਤਾ ਨਹੀਂ ਲੱਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮਿਥੁਨ ਦਾ ਪਤਾ ਲਗਾਉਣ ਅਤੇ ਉਸ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ।

